ਗੁਰਦੁਆਰਾ ਸਾਹਿਬ 'ਚੋਂ ਪੋਥੀ ਸਾਹਿਬ ਚੋਰੀ ਕਰਨ ਵਾਲਾ 24 ਘੰਟਿਆਂ ਦੇ ਅੰਦਰ ਕਾਬੂ

03/10/2018 4:56:59 PM

ਮਲੋਟ (ਤਰਸੇਮ ਢੁੱਡੀ,ਜੁਨੇਜਾ) - ਸਥਾਨਕ ਸ਼ਹਿਰ ਮਲੋਟ ਦੇ ਗੁਰਦੁਆਰਾ ਵਿਸ਼ਵਕਰਮਾ ਭਵਨ ਆਦਰਸ਼ ਨਗਰ ਵਿਖੇ ਬੀਤੇ ਦਿਨ ਇਕ ਅਣਪਛਾਤਾ ਵਿਅਕਤੀ ਗੁਰਦੁਆਰਾ ਸਾਹਿਬ 'ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ ਦੇ ਛੇਵੇਂ ਭਾਗ ਦੀ ਪੋਥੀ ਚੋਰੀ ਕਰਕੇ ਲੈ ਗਿਆ ਸੀ। ਪੁਲਸ ਨੇ ਮਾਮਲੇ ਦੇ ਕਥਿੱਤ ਦੋਸ਼ੀ ਨੂੰ 24 ਘੰਟਿਆਂ ਤੋਂ ਪਹਿਲਾ ਕਾਬੂ ਕਰਕੇ ਸਫਲਤਾ ਹਾਸਿਲ ਕਰ ਲਈ। 


ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਸ਼ੁੱਕਰਵਾਰ ਨੂੰ ਜਦੋਂ ਕਥਾ ਕਰਨ ਲਈ ਮੁੱਖ ਗ੍ਰੰਥੀ ਨੇ ਅਲਮਾਰੀ ਖੌਲੀ ਤਾਂ ਉਸ 'ਚੋਂ ਪੋਥੀ ਸਾਹਿਬ ਗਾਇਬ ਸੀ। ਇਸ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਪ੍ਰਬੰਧਕਾਂ ਨੂੰ ਦਿੱਤੀ, ਜਿਸ ਦੀ ਪੜਤਾਲ ਕਰਨ ਲਈ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ। ਕੈਮਰੇ 'ਚ ਇਕ ਸਿੱਖ ਵਿਅਕਤੀ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਪਹਿਲਾਂ ਗ੍ਰੰਥੀ ਸਿੰਘ ਦੀ ਰਿਹਾਇਸ਼ ਵਾਲੇ ਪਾਸੇ ਬਣੇ ਵਾਸ਼ਰੂਮ ਵਿਚ ਦਾਖਲ ਹੋ ਕੇ 13 ਮਿੰਟ ਬਾਅਦ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੁੰਦਾ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਬਗੈਰ ਹੀ ਸੱਜੇ ਪਾਸੇ ਨਿਤਨੇਮ ਦੇ ਗੁਟਕਾ ਸਾਹਿਬ ਵਾਲੀ ਅਲਮਾਰੀ ਨੂੰ ਕੁਝ ਸਮਾਂ ਫਰੋਲਾ ਫਰਾਲੀ ਕਰਨ ਤੋਂ ਬਾਅਦ ਖੱਬੇ ਪਾਸੇ ਅਲਮਾਰੀ ਵਿਚ ਪਈ ਪੋਥੀ ਨੂੰ ਰੁਮਾਲੇ ਸਮੇਤ ਆਪਣੀ ਕੱਛ 'ਚ ਦੇ ਕੇ ਬੜੇ ਆਰਾਮ ਨਾਲ ਬਾਹਰ ਨਿਕਲ ਗਿਆ ਸੀ ।ਇਸ ਸਾਰੀ ਘਟਨਾ ਦੀ ਸੂਚਨਾ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਕੇਹਰ ਸਿੰਘ ਕੋਮਲ, ਪ੍ਰਬੰਧਕਾਂ ਗੁਰਤੇਜ ਸਿੰਘ, ਬਾਬਾ ਅਜੀਤ ਸਿੰਘ, ਇਕਬਾਲ ਸਿੰਘ ਆਦਿ ਨੇ ਥਾਣਾ ਸਿਟੀ ਪੁਲਸ ਨੂੰ ਦੇ ਦਿੱਤੀ ਸੀ। ਮੌਕੇ 'ਤੇ ਪਹੁੰਚੇ ਐੱਸ. ਪੀ. ਸਬ ਡਵੀਜ਼ਨ ਮਲੋਟ ਇਕਬਾਲ ਸਿੰਘ, ਥਾਣਾ ਮੁਖੀ ਬੂਟਾ ਸਿੰਘ ਗਿੱਲ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਬੀਤੇ ਦਿਨ ਹੀ ਪੁਲਸ ਨੇ ਇਸ ਮਾਮਲੇ ਦੇ ਵੱਖ ਵੱਖ ਪਹਿਲੂਆਂ ਨੂੰ ਘੋਖਣਾ ਸ਼ੁਰੂ ਕਰ ਦਿੱਤਾ ਸੀ। ਐੱਸ. ਪੀ. ਇਕਬਾਲ ਸਿੰਘ ਦੀ ਅਗਵਾਈ ਹੇਠ ਐੱਸ. ਐਚ. ਓ. ਬੂਟਾ ਸਿੰਘ ਗਿੱਲ ਵੱਲੋਂ ਲਗਾਤਾਰ ਕੀਤੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਅਤੇ ਹੋਰ ਗੁਰੂ ਘਰਾਂ ਵਿਚ ਜਾ ਕੇ ਬਾਰੀਕੀ ਨਾਲ ਕੀਤੀ ਜਾਂਚ ਤੋਂ ਬਾਅਦ ਪੁਲਸ ਨੇ ਗੁਰਕੀਰਤ ਸਿੰਘ ਪੁੱਤਰ ਸੁਰਿੰਦਰ ਪਾਲ ਸਿੰਘ ਵਾਸੀ ਕੁੰਡਲ ਤਹਿਸੀਲ ਅਬੋਹਰ ਹਾਲ ਅਬਾਦ ਡੇਰਾ ਜਗਮਾਲ ਪਿੰਡ ਗੋਰੀਵਾਲਾ ਜ਼ਿਲਾ ਸਿਰਸਾ ਨੂੰ ਚੋਰੀ ਕੀਤੀ ਗੁਰੂ ਗਰੰਥ ਸਾਹਿਬ ਦੀ 6ਵੀਂ ਸਟੀਕ ਸਮੇਤ ਕਾਬੂ ਕਰ ਲਿਆ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।