ਕਰੋ ਦਰਸ਼ਨ ਗੁਰਦੁਆਰਾ ਕੋਤਵਾਲੀ ਸਾਹਿਬ ਦੇ, ਇਸ ਸਥਾਨ ’ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਕੱਟੀ ਸੀ ਕੈਦ

12/20/2020 12:16:58 PM

ਰੂਪਨਗਰ (ਸੱਜਣ ਸੈਣੀ)— ਜ਼ਿਲ੍ਹਾ ਰੂਪਨਗਰ ਦੇ ਮੋਰਿੰਡਾ ਵਿਖੇ ਦਾ ਇਤਿਹਾਸਕ ਸਥਾਨ ਗੁਰਦੁਆਰਾ ਕੋਤਵਾਲੀ ਸਾਹਿਬ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਬਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਗੰਗੂ ਬ੍ਰਾਹਮਣ ਦੀ ਸ਼ਿਕਾਇਤ ’ਤੇ ਮੋਰਿੰਡੇ ਦੇ ਕੋਤਵਾਲ ਵੱਲੋਂ ਗਿ੍ਰਫ਼ਤਾਰ ਕਰਕੇ ਰੱਖਿਆ ਗਿਆ ਸੀ। 

ਇਕ ਰਾਤ ਇਥੇ ਰੱਖਣ ਉਪਰੰਤ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਭੇਜਿਆ ਗਿਆ ਸੀ। ਇਹ ਸਥਾਨ ਜ਼ਿਲ੍ਹਾ ਰੂਪਨਗਰ ਦੇ ਬਲਾਕ ਮੋਰਿੰਡਾ ਸ਼ਹਿਰ ’ਚ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸਥਾਨ ’ਤੇ ਉਹ ਪਰਾਤਨ ਜੇਲ੍ਹ ਦਾ ਕਮਰਾ ਵੀ ਮੌਜੂਦ þ, ਜਿਸ ’ਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ।  

ਭਾਈ ਹਰਿੰਦਰ ਸਿੰਘ ਜੀ ਖਾਲਸਾ ਹੈੱਡ ਗ੍ਰੰਥੀ ਨੇ ਇਤਿਹਾਸ ਤੋਂ ਜਾਣੂੰ ਕਰਵਾਉਂਦੇ ਹੋਏ ਦੱਸਿਆ ਕਿ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਰਿਵਾਰ ਅਤੇ ਅਨੇਕਾਂ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਤਾਂ ਸਰਸਾ ਨੇੜੇ ਪਹਾੜੀ ਰਾਜਿਆਂ ਨੇ ਆਪਣੀਆਂ ਸੋਹਾਂ ਤੋੜਦੇ ਹੋਏ ਗੁਰੂ ਸਾਹਿਬ ’ਤੇ ਪਿੱਛੋਂ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਕਈ ਸਿੰਘ ਸ਼ਹੀਦ ਹੋ ਗਏ ਸਨ ਅਤੇ ਸਰਸਾ ਦਰਿਆ ਨੂੰ ਪਾਰ ਕਰਦੇ ਹੋਏ ਗੁਰੂ ਸਾਹਿਬ ਦਾ ਪਰਿਵਾਰ ਕਈ ਹਿੱਸਿਆ ’ਚ ਵਿੱਛੜ ਗਿਆ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਦਰਿਆ ਦੇ ਤੇਜ ਵਹਾਅ ਦੇ ਨਾਲ ਮਲਾਹ ਕੂੰਮਾ ਮਾਸ਼ਕੀ ਦੇ ਸੰਪਰਕ ’ਚ ਆਏ ਅਤੇ ਇਸ ਦੀ ਕੱਚੀ ਛੰਨ ਦੇ ’ਚ ਰਾਤ ਬਿਤਾਈ। 

ਜਦੋਂ ਇਸ ਦੀ ਖ਼ਬਰ ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨੂੰ ਮਿਲੀ ਤਾਂ ਉਹ ਕੁੰਮਾ ਮਾਸਕੀ ਤੋਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਆਪਣੇ ਪਿੰਡ ਸਹੇੜੀ ਲੈ ਗਏ, ਜਿੱਥੇ ਉਸ ਨੇ ਰਾਤ ਨੂੰ ਮਾਤਾ ਜੀ ਦੀ ਮਾਈਆਂ ਦੀ ਭਰੀ ਥੈਲੀ ਚੋਰੀ ਕਰਨ ਦੀ ਕੋਸਿਸ਼ ਕੀਤੀ ਤਾਂ ਮਾਤਾ ਜੀ ਨੇ ਵੇਖ ਲਿਆ ਅਤੇ ਕਿਹਾ ਗੰਗੂ ਚੋਰੀ ਕਿਉਂ ਕਰ ਰਿਹਾ ਹੈ, ਮੰਗ ਕੇ ਲੈ ਲੈਂਦਾ ਤੈਨੂੰ ਕਿਹੜਾ ਮਨ੍ਹਾ ਕਰਨਾ ਸੀ। ਤਾਂ ਗੰਗੂ ਬ੍ਰਾਹਮਣ ਨੇ ਮਾਤਾ ਜੀ ਨੂੰ ਗੁਸੇ ’ਚ ਕਾਫ਼ੀ ਮਾੜਾ ਬੋਲਿਆ ਅਤੇ ਮਾਤਾ ਜੀ ਦੀ ਇਤਲਾਹ ਮੋਰਿੰਡਾ ਦੇ ਕੋਤਵਾਲ ਨੂੰ ਦੇ ਦਿੱਤੀ। ਜਿਸ ’ਤੇ ਮੋਰਿੰਡਾ ਦੇ ਕੋਤਵਾਲ ਜਾਨੀ ਖਾਂ ਅਤੇ ਮਾਨੀ ਖਾਂ ਦੇ ਕੋਲ ਗਿ੍ਰਫ਼ਤਾਰ ਕਰਵਾ ਦਿੱਤਾ। 

ਇਸ ਦੇ ਬਾਅਦ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਦੀ ਕੋਤਵਾਲੀ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਅਤੇ ਦੂਜੇ ਦਿਨ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਨੂੰ ਲੈ ਜਾਇਆ ਗਿਆ। ਜਿੱਥੇ ਸੂਬਾ ਸਰਹੰਦ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਮੁਸਲਿਮ ਧਰਮ ਧਾਰਨ ਕਰਨ ਦਾ ਲਾਲਚ ਦਿੱਤਾ, ਡਰਾਇਆ ਜਦੋਂ ਸਾਹਿਬਜ਼ਾਦੇ ਆਪਣੇ ਇਮਾਨ ਤੋਂ ਨਾ ਡੋਲੇ ਤਾਂ ਸੂਬਾ ਸਰਹੰਦ ਵੱਲੋਂ ਸਾਹਿਬਜ਼ਾਦਿਆਂ ਨੂੰ ਕੰਧਾਂ ’ਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ ਗਿਆ ਸੀ। 

ਜ਼ਿਕਰਯੋਗ ਹੈ ਕਿ ਜਿੰਨ੍ਹਾਂ ਕੌਮਾਂ ਦੇ ਇਤਿਹਾਸ ਮਿਟ ਜਾਂਦੇ ਨੇ ਉਹ ਕੋਮਾਂ ਖ਼ਤਮ ਹੋ ਜਾਦੀਆਂ ਨੇ ਪਰ ਸਿੱਖ ਕੌਮ ਦਾ ਗੋਰਵਮਈ ਇਤਿਹਾਸ ਅਤੇ ਵਿਰਸਾ ਜਿਸ ਤਰ੍ਹਾਂ ਸਿੰਘ ਕੌਮ ਵੱਲੋਂ ਸੰਭਾਲ ਕੇ ਰੱਖਿਆ ਗਿਆ ਹੈ, ਉਸ ਦੇ ਚਲਦਦਿਆਂ ਇਹ ਸਿੱਖੀ ਦਾ ਬੂਟਾ ਲਗਾਤਾਰ ਵੱਧ ਰਿਹਾ ਹੈ। 

 

shivani attri

This news is Content Editor shivani attri