ਗੁਰੂ ਸਾਹਿਬ ਦੀ ਆਮਦ ਨੂੰ ਸਮਰਪਿਤ ਸਿੰਘ ਸਭਾ 22, 23 ਤੇ 24 ਨੂੰ, ਤਿਆਰੀਆਂ ਜ਼ੋਰਾਂ 'ਤੇ

12/21/2020 1:19:51 PM

ਮਾਛੀਵਾੜਾ ਸਾਹਿਬ (ਟੱਕਰ) : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜਾ ਆਉਣ ਦੀ ਯਾਦ ਨੂੰ ਸਮਰਪਿਤ ਹਰ ਸਾਲ ਮਨਾਏ ਜਾਂਦੇ ਸਲਾਨਾ 3 ਦਿਨਾਂ ਸਿੰਘ ਸਭਾ ਇਸ ਵਾਰ 22, 23 ਤੇ 24 ਦਸੰਬਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਸ਼੍ਰੋਮਣੀ ਕਮੇਟੀ ਵਲੋਂ ਜ਼ੋਰਾਂ-ਸ਼ੋਰਾਂ ਨਾਲ ਕਰਵਾਈਆਂ ਜਾ ਰਹੀਆਂ ਹਨ। ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਮੈਨੇਜਰ ਸਰਬ ਦਿਆਲ ਸਿੰਘ ਘਰਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰੋਵਰ ਤੇ ਪਵਿੱਤਰ ਖੂਹ ਦੇ ਚੌਗਿਰਦੇ ਦੀ ਸਫ਼ਾਈ ਦਾ ਕੰਮ ਭਾਈ ਗਨੀ ਖਾਂ ਨਬੀ ਖਾਂ ਸੇਵਾ ਸੁਸਾਇਟੀ ਪ੍ਰਧਾਨ ਬਾਬਾ ਮੋਹਣ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੀਤਾ ਜਾ ਰਿਹਾ ਹੈ, ਜਦੋਂ ਕਿ ਦੀਵਾਨ ਹਾਲ ਦੀ ਸਫ਼ਾਈ ਵੀ ਮੁਕੰਮਲ ਹੋ ਚੁੱਕੀ ਹੈ।

ਇਸ ਤਰ੍ਹਾਂ ਹੀ ਹੋਰ ਕਈ ਤਰ੍ਹਾਂ ਦੇ ਅੰਤਿਮ ਕਾਰਜਾਂ ਨੂੰ ਵੀ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਤਹਿਤ ਗੁਰੂ ਘਰ ਦੀ ਸਾਰੀ ਇਮਾਰਤ ਨੂੰ ਰੰਗ-ਰੋਗਨ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਰਿਹਾਇਸ਼ ਲਈ ਗੁਰਦੁਆਰਾ ਸਾਹਿਬ ਦੀ ਸਰਾਂ ਸ੍ਰੀ ਕਲਗੀਧਰ ਨਿਵਾਸ ਦੇ ਕਮਰਿਆਂ ਦੀ ਸਫ਼ਾਈ, ਬਿਜਲੀ, ਪਾਣੀ ਦੇ ਪ੍ਰਬੰਧਾਂ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੀ ਮੁਖ ਇਮਾਰਤ ਨੂੰ ਬਿਜਲਈ ਲੜੀਆਂ ਨਾਲ ਸ਼ਿੰਗਾਰਿਆ ਜਾ ਰਿਹਾ ਹੈ ਅਤੇ ਚੌਗਿਰਦੇ ਦੀ ਆਬੋ-ਹਵਾ ਨੂੰ ਤਰੋ-ਤਾਜ਼ਾ ਰੱਖਣ ਲਈ ਕਈ ਤਰ੍ਹਾਂ ਦੇ ਫੁੱਲ-ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿੱਥੇ ਗੁਰਦੁਆਰਾ ਸਾਹਿਬ ਅੰਦਰ ਪ੍ਰਬੰਧਕਾਂ ਵਲੋਂ ਸੰਗਤਾਂ ਲਈ ਲੰਗਰ ਚਲਾਏ ਜਾਣਗੇ, ਉੱਥੇ 3 ਦਿਨ ਸ਼ਹਿਰ ’ਚ ਵੱਖ-ਵੱਖ ਹਿੱਸਿਆਂ ’ਚ ਸ਼ਹਿਰ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਕਰੀਬ 1 ਦਰਜਨ ਲੰਗਰ ਲਗਾਏ ਜਾ ਰਹੇ ਹਨ, ਜੋ ਕਿ ਗੁਰੂ ਸਾਹਿਬ ਜੀ ਦੇ ਚਾਰ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਦੇ ਲੰਗਰ ਬਿਲਕੁਲ ਸਾਦੇ ਲਗਾਏ ਜਾਣਗੇ।

ਮੈਨੇਜਰ ਸਰਬਦਿਆਲ ਸਿੰਘ ਨੇ ਦੱਸਿਆ ਕਿ 22 ਦਸੰਬਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਇਸ ਦਿਨ ਹੀ ਇਤਿਹਾਸਕ ਗੁਰਦੁਆਰਾ ਸ੍ਰੀ ਝਾੜ ਸਾਹਿਬ ਤੋਂ ਨਗਰ ਕੀਰਤਨ ਮਾਛੀਵਾੜਾ ਸਾਹਿਬ ਪੁੱਜੇਗਾ। 22 ਦਸੰਬਰ ਰਾਤ ਨੂੰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਧਾਰਮਿਕ ਫਿਲਮਾਂ ਦਿਖਾਈਆਂ ਜਾਣਗੀਆਂ ਤਾਂ ਜੋ ਆਉਣ ਵਾਲੀ ਪੀੜ੍ਹੀ ਇਤਿਹਾਸ ਤੋਂ ਜਾਣੂੰ ਹੋ ਸਕੇ। 23 ਦਸੰਬਰ ਨੂੰ ਸਵੇਰੇ 10 ਵਜੇ ਧਾਰਮਿਕ ਦੀਵਾਨ ਸਜਾਏ ਜਾਣਗੇ, ਜੋ 24 ਦਸੰਬਰ ਦੁਪਹਿਰ ਤੱਕ ਨਿਰਵਿਘਨ ਜਾਰੀ ਰਹਿਣਗੇ। ਧਾਰਮਿਕ ਦੀਵਾਨਾਂ ਦੌਰਾਨ ਪ੍ਰਸਿੱਧ ਰਾਗੀ, ਢਾਡੀ ਜੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਤੇ ਬਾਣੀ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਉਣਗੇ।

24 ਦਸੰਬਰ ਨੂੰ ਸਵੇਰੇ ਖੰਡ ਪਾਠ ਸਾਹਿਬ ਦੇ ਭੋਗ ਉਪਰੰਤ 10 ਵਜੇ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਕਿ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ, ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ ਅਤੇ ਗੁਰਦੁਆਰਾ ਕ੍ਰਿਪਾਨ ਭੇਂਟ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਓਪਰੇ ਵਿਅਕਤੀ ਤੋਂ ਪ੍ਰਸ਼ਾਦ ਜਾਂ ਹੋਰ ਵਸਤੂ ਲੈ ਕੇ ਨਾ ਖਾਣ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ’ਚ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ, ਅਕਾਂਊਟੈਂਟ ਜਸਵੀਰ ਸਿੰਘ ਆਦਿ ਵੀ ਮੌਜੂਦ ਸਨ।
 

Babita

This news is Content Editor Babita