ਚੋਰਾਂ ਗੁਰਦੁਆਰਾ ਸਾਹਿਬ ਦੀ ਗੋਲਕ ਭੰਨ ਕੇ ਨਕਦੀ ਕੱਢੀ

11/21/2017 12:18:16 AM

ਮਾਹਿਲਪੁਰ, (ਜ.ਬ.)- ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਜੈਤਪੁਰ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਚੋਂ ਅਣਪਛਾਤਾ ਚੋਰ ਗੋਲਕ ਦਾ ਤਾਲਾ ਤੋੜ ਕੇ ਨਕਦੀ ਕੱਢ ਕੇ ਫ਼ਰਾਰ ਹੋ ਗਿਆ। ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਜੈਤਪੁਰ ਦੇ ਪ੍ਰਧਾਨ ਕਾਬਲ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ, ਬਲਵੀਰ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਆਦਿ ਨੇ ਦੱਸਿਆ ਕਿ ਕਮੇਟੀ ਮੈਂਬਰ ਜਰਨੈਲ ਸਿੰਘ ਅਤੇ ਸੇਵਾਦਾਰ ਗੁਰਬਖਸ਼ ਸਿੰਘ ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਆਏ। ਉਨ੍ਹਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜ਼ੇ ਤੇ ਅੰਦਰ ਪਈ ਗੋਲਕ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਵਿਚੋਂ ਨਕਦੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਮੁਤਾਬਕ ਬੀਤੀ ਰਾਤ ਕਰੀਬ 1.15 ਵਜੇ ਇਕ ਵਿਅਕਤੀ ਨੇ ਚਾਦਰ ਦੀ ਬੁੱਕਲ ਨਾਲ ਆਪਣਾ ਮੂੰਹ ਪੂਰੀ ਤਰ੍ਹਾਂ ਢਕਿਆ ਹੋਇਆ ਸੀ, ਨੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜ਼ੇ ਦਾ ਤਾਲਾ ਤੋੜਿਆ ਅਤੇ ਫਿਰ ਅੰਦਰ ਗੋਲਕ ਦਾ ਤਾਲਾ ਤੋੜ ਕੇ ਨਕਦੀ ਕੱਢ ਕੇ ਫ਼ਰਾਰ ਹੋ ਗਿਆ। ਕੈਮਰਿਆਂ ਵਿਚੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਚੋਰ ਇਕ ਲੱਤ ਤੋਂ ਲੰਗੜਾਅ ਕੇ ਚੱਲ ਰਿਹਾ ਸੀ। ਇਸ ਸਬੰਧੀ ਥਾਣਾ ਚੱਬੇਵਾਲ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।