ਵੱਡਾ ਖੁਲਾਸਾ : ਪੰਜਾਬ ਨੂੰ ਦਹਿਲਾਉਣ ਪਿੱਛੇ ਭਾਰਤੀ ਦਾ ਹੱਥ (ਦੇਖੋ ਤਸਵੀਰਾਂ)

07/30/2015 2:54:55 PM

ਗੁਰਦਾਸਪੁਰ : ਅੱਤਵਾਦੀ ਹਮਲੇ ਦੀ ਜਾਂਚ ''ਚ ਜੁਟੀ ਪੁਲਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਨੂੰ ਦਹਿਲਾਉਣ ਦੇ ਪਿੱਛੇ ਕਿਸੇ ਬਿਗਾਨੇ ਦਾ ਨਹੀਂ, ਸਗੋਂ ਇਕ ਭਾਰਤੀ ਦਾ ਹੀ ਹੱਥ ਹੈ। ਹੁਣ ਤੱਕ ਦੀ ਜਾਂਚ ਤੋਂ ਲੱਗ ਰਿਹਾ ਹੈ ਕਿ ਕਿਸੇ ਸਥਾਨਕ ਵਿਅਕਤੀ ਨੇ ਅੱਤਵਾਦੀਆਂ ਦੀ ਮਦਦ ਕੀਤੀ ਸੀ। ਇਸ ਨਾਲ ਸੰਬੰਧਤ ਕਈ ਪੁਖਤਾ ਸਬੂਤ ਪੁਲਸ ਨੂੰ ਮਿਲ ਚੁੱਕੇ ਹਨ। ਇਨ੍ਹਾਂ ਦੇ ਅਧਾਰ ''ਤੇ ਹੁਣ ਪੁਲਸ ਨੇ ਜਾਂਚ ਦਾ ਘੇਰਾ ਵਧਾ ਦਿੱਤਾ ਹੈ।
ਸਰਕਾਰੀ ਰੇਲਵੇ ਪੁਲਸ ਨੇ ਸਾਲ 2004 ''ਚ ਰੇਲ ਟ੍ਰੈਕ ''ਤੇ ਹੋਏ  ਧਮਾਕੇ ਦੀ ਕੇਸ ਫਾਈਲ ਕਢਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਗੁੱਜਰਾਂ ਦੇ ਡੇਰੇ ''ਚ ਰਹਿਣ ਵਾਲੇ ਸਾਰੇ ਲੋਕਾਂ ਦੇ ਮੋਬਾਈਲ ਨੰਬਰ ਲੈ ਕੇ ਉਨਾਂ੍ਹ ਦੀ ਕਾਲ ਡੇਟਲ ਅਤੇ ਲੋਕੇਸ਼ਨ ਕਢਵਾਉਣੀ ਸ਼ੁਰੂ ਕਰ ਦਿੱਤੀ ਹੈ।
ਡੀ.ਜੀ.ਪੀ. ਸੁਮੇਧ ਸੈਣੀ ਦਾ ਕਹਿਣੈ ਕਿ ਅਜਿਹੇ ਮਾਮਲੇ ਦੀ ਜਾਂਚ ਚੱਲ ਰਹੀ ਹੈ, ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਸਾਡੀਆਂ ਕਈ ਟੀਮਾਂ ਵੱਖ-ਵੱਖ ਥਿਓਰੀਆਂ ''ਤੇ ਕੰਮ ਕਰ ਰਹੀਆਂ ਹਨ ਅਤੇ ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਕਿਸੇ ਨੇ ਇਨ੍ਹਾਂ ਅੱਤਵਾਦੀਆਂ ਦੀ ਮਦਦ ਕੀਤੀ ਹੈ।
ਜ਼ਿਕਰਯੋਗ ਹੈ ਕਿ ਅੱਤਵਾਦੀਆਂ ਕੋਲ ਪਾਣੀ ਦੀ ਬੋਤਲ ''ਚ ਦੁੱਧ ਮਿਲਿਆ ਸੀ, ਜੋ ਕਿ ਖਰਾਬ ਨਹੀਂ ਹੋਇਆ ਸੀ, ਇਸ ਦਾ ਮਤਲਬ ਸੀ ਕਿ ਅੱਤ ਦੀ ਗਰਮੀ ''ਚ ਅੱਤਵਾਦੀਆਂ ਨੇ ਕੁਝ ਸਮਾਂ ਪਹਿਲਾਂ ਹੀ ਕਿਸੇ ਤੋਂ ਦੁੱਧ ਲਿਆ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਹਾਇਕ ਕੋਈ ਸਥਾਨਕ ਵਿਅਕਤੀ ਹੋਵੇਗਾ।
ਦੂਜੀ ਅਹਿਮ ਗੱਲ ਇਹ ਕਿ ਜਿਸ ਤਲਵੰਡੀ ਪੁਲੀ ''ਤੇ ਅੱਤਵਾਦੀਆਂ ਨੇ ਬੰਬ ਫਿੱਟ ਕੀਤੇ ਸਨ, ਉਸ ਦਾ ਰਸਤਾ ਜਾਂ ਤਾਂ ਰੇਲਵੇ ਲਾਈਨ ''ਤੇ ਹੀ ਅੱਗੇ ਚੱਲ ਕੇ ਆਉਂਦਾ ਹੈ ਜਾਂ ਫਿਰ ਖੇਤਾਂ ''ਚ ਪੈਦਲ ਜਾਣਾ ਪੈਂਦਾ ਹੈ। ਜਾਂਚ ਟੀਮ ਦਾ ਇਹ ਮੰਨਣੈ ਕਿ ਇਸ ਪੁਲ ਅਤੇ ਇਥੋਂ ਲੰਘਣ ਵਾਲੀ ਟ੍ਰੇਨ ਦੀ ਪੂਰੀ ਜਾਣਕਾਰੀ ਆਲੇ-ਦੁਆਲੇ ਦੇ ਲੋਕਾਂ ਤੋਂ ਹੀ ਉਨ੍ਹਾਂ ਨੂੰ ਮਿਲੀ ਹੋਵੇਗੀ।
ਜਾਂਚ ਟੀਮ ਦਾ ਸ਼ੱਕ ਵਧਣ ਦਾ ਇਕ ਕਾਰਨ ਇਹ ਵੀ ਹੈ ਕਿ ਜਿਸ ਸਥਾਨ ''ਤੇ ਬੰਬ ਫਿੱਟ ਕੀਤੇ ਗਏ ਸਨ, ਉਥੋਂ ਕੁਝ ਕਦਮਾਂ ਦੀ ਦੂਰੀ ''ਤੇ ਗੁੱਜਰਾਂ ਦੇ ਡੇਰੇ ਹਨ, ਜੋ ਦੁੱਧ ਦੀ ਚੁਆਈ ਅਤੇ ਵੇਚਣ ਦਾ ਕੰਮ ਕਰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੂੰ ਦੁੱਧ ਇਥੋਂ ਹੀ ਮੁਹੱਈਆ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਸਾਲ 2004 ''ਚ ਪਟੜੀ ''ਤੇ ਵਿਸਫੋਟ ''ਚ ਲਸ਼ਕਰ-ਏ-ਤੋਇਬਾ ਦਾ ਮੁਖ ਸੂਤਰਧਾਰ ਗੁੱਜਰਾਂ ਦਾ ਡੇਰਾ ਹੀ ਨਿਕਲਿਆ ਸੀ। ਇਸ ਡੇਰੇ ਦੀ ਇਕ ਔਰਤ ਨੇ ਹੀ ਅੱਤਵਾਦੀਆਂ ਦੀ ਮਦਦ ਕੀਤੀ ਸੀ।