1952 ਤੇ 2009 ਨੂੰ ਛੱਡ ਕੇ 16 ਵਾਰ ਬਾਹਰੀ ਸੰਸਦ ਮੈਂਬਰ ਹੀ ਮਿਲੇ ਗੁਰਦਾਸਪੁਰ ਨੂੰ

03/21/2019 6:18:56 PM

ਗੁਰਦਾਸਪੁਰ  (ਵਿਨੋਦ) : ਲੋਕ ਸਭਾ ਹਲਕਾ ਗੁਰਦਾਸਪੁਰ ਲਈ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅਜੇ ਤੱਕ 16 ਵਾਰ ਚੋਣਾਂ ਅਤੇ 2 ਵਾਰ ਜ਼ਿਮਨੀ ਚੋਣ ਹੋ ਚੁੱਕੀ ਹੈ। 17ਵੀਂ ਲੋਕ ਸਭਾ ਚੋਣ ਲਈ ਤਿਆਰੀ ਹੋ ਚੁੱਕੀ ਹੈ ਪਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਦੀ ਇਹ ਬਦਕਿਸਮਤੀ ਰਹੀ ਹੈ ਕਿ ਦੋ ਵਾਰ ਛੱਡ ਕੇ ਬਾਕੀ ਸਾਰੀਆਂ ਚੋਣਾਂ 'ਚ ਭਾਵੇਂ ਕਾਂਗਰਸ ਹੋਵੇ ਜਾਂ ਹੋਰ ਦਲ ਸਦਾ ਹੀ ਬਾਹਰੀ ਉਮੀਦਵਾਰ ਜੇਤੂ ਰਿਹਾ ਹੈ। ਦੇਸ਼ ਦੀ ਆਜ਼ਾਦੀ ਦੇ ਬਾਅਦ ਪਹਿਲੀ ਲੋਕ ਸਭਾ ਚੋਣ 'ਚ ਚੁਣੇ ਗਏ ਤੇਜਾ ਸਿੰਘ ਅਕਰਪੁਰਾ ਅਤੇ ਸਾਲ 2009 'ਚ ਪ੍ਰਤਾਪ ਸਿੰਘ ਬਾਜਵਾ ਸਥਾਨਕ ਲੋਕ ਸਭਾ ਮੈਂਬਰ ਹਨ ਪਰ ਇਹ ਵੀ ਦੋਵੇਂ ਕਾਦੀਆ ਹਲਕੇ ਨਾਲ ਸਬੰਧਿਤ ਹਨ। ਤੇਜਾ ਸਿੰਘ ਅਕਰਪੁਰਾ ਕਾਦੀਆਂ ਦੇ ਨਜ਼ਦੀਕੀ ਪਿੰਡ ਅਕਰਪੁਰਾ ਦੇ ਰਹਿਣ ਵਾਲੇ ਸਨ, ਜਦਕਿ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਕਸਬੇ ਦੇ ਰਹਿਣ ਵਾਲੇ ਹਨ। ਬਾਕੀ ਸਾਰੇ ਸੰਸਦ ਮੈਂਬਰ ਬਾਹਰੀ ਉਮੀਦਵਾਰ ਹਨ।

ਰਾਜਨੀਤਕ ਮਾਹਿਰਾਂ ਦੀ ਰਾਏ ਅਨੁਸਾਰ ਦੇਸ਼ ਦੇ ਦੋਵੇਂ ਮੁੱਖ ਰਾਜਨੀਤਕ ਦਲ ਕਾਂਗਰਸ ਅਤੇ ਭਾਜਪਾ ਅੱਜ ਵੀ ਕਿਸੇ ਸਥਾਨਕ ਨੇਤਾ ਨੂੰ ਇਸ ਯੋਗ ਨਹੀਂ ਬਣਾ ਸਕੇ ਕਿ ਉਹ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜ ਸਕੇ ਜਾਂ ਚੋਣ ਲੜ ਕੇ ਜਿੱਤ ਦੀ ਸੰਭਾਵਨਾ ਰੱਖਦਾ ਹੈ। ਹੁਣ ਹੋਣ ਵਾਲੀ ਲੋਕ ਸਭਾ ਚੋਣ 'ਚ ਗੁਰਦਾਸਪੁਰ ਸੀਟ ਤੇ ਇਹ ਪੁਰਾਣੀ ਪ੍ਰੰਪਰਾ 'ਚ ਬਦਲਾਅ ਹੋਣ ਦੀ ਸੰਭਾਵਨਾ ਜ਼ੀਰੋ ਹੀ ਹੈ। ਉਥੇ ਕਾਂਗਰਸ 'ਚ 2009 ਦੀ ਚੋਣ ਜਿੱਤੇ ਸਥਾਨਕ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਟਿਕਟ ਹਾਸਲ ਕਰਨ ਲਈ ਜ਼ੋਰ ਲਾ ਰਹੇ ਹਨ।

ਲੋਕ ਸਭਾ ਹਲਕਾ ਗੁਰਦਾਸਪੁਰ 'ਚ 9 ਵਿਧਾਨ ਸਭਾ ਹਲਕੇ
ਸੁਜਾਨਪੁਰ
ਪਠਾਨਕੋਟ
ਭੋਆ
ਦੀਨਾਨਗਰ
ਗੁਰਦਾਸਪੁਰ
ਕਾਦੀਆ
ਬਟਾਲਾ
ਡੇਰਾ ਬਾਬਾ ਨਾਨਕ
ਫਤਿਹਗੜ੍ਹ ਚੂੜੀਆਂ।

ਜ਼ਿਆਦਾਤਰ ਕਬਜ਼ਾ ਕਾਂਗਰਸ ਦਾ ਹੀ ਰਿਹਾ
ਸਾਲ 1977 ਤੋਂ 1980 ਤੱਕ ਜਨਤਾ ਪਾਰਟੀ ਦੇ ਯੱਗਦੱਤ ਸ਼ਰਮਾ, ਸਾਲ 1998 ਤੋਂ 2009 ਅਤੇ 2014 ਤੋਂ 2017 ਤੱਕ ਵਿਨੋਦ ਖੰਨਾ ਨੂੰ ਛੱਡ ਬਾਕੀ ਸਾਰਾ ਸਮਾਂ ਗੁਰਦਾਸਪੁਰ ਲੋਕ ਸਭਾ ਹਲਕੇ 'ਤੇ ਕਾਂਗਰਸ ਪਾਰਟੀ ਦਾ ਹੀ ਕਬਜ਼ਾ ਰਿਹਾ ਹੈ। ਗੁਰਦਾਸਪੁਰ ਲੋਕ ਸਭਾ ਹਲਕਾ ਕਾਂਗਰਸ ਲਈ ਸਭ ਤੋਂ ਸੁਰੱਖਿਅਤ ਹਲਕਾ ਮੰਨਿਆ ਜਾਂਦਾ ਰਿਹਾ ਹੈ ਪਰ ਯੱਗਦੱਤ ਸ਼ਰਮਾ ਨੇ ਐਮਰਜੈਂਸੀ ਤੋਂ ਬਾਅਦ ਅਤੇ ਵਿਨੋਦ ਖੰਨਾ ਨੇ ਸਾਲ 1998 'ਚ ਇਹ ਭਰਮ ਤੋੜ ਕੇ ਇਸ ਸੀਟ 'ਤੇ ਕਬਜ਼ਾ ਕੀਤਾ।

ਸਾਲ 2019 'ਚ ਵੀ ਇਸੇ ਰਵਾਇਤ ਨੂੰ ਦੁਹਰਾਏ ਜਾਣ ਦੀ ਸੰਭਾਵਨਾ
ਸਾਲ 2019 'ਚ ਹੋਣ ਵਾਲੀ ਲੋਕ ਸਭਾ ਚੋਣ 'ਚ ਵੀ ਕੋਈ ਪਰਿਵਰਤਣ ਵੇਖਣ ਨੂੰ ਮਿਲਣ ਵਾਲਾ ਨਹੀਂ ਹੈ, ਕਿਉਂਕਿ ਦੋਹੇਂ ਪ੍ਰਮੁੱਖ ਰਾਜਨੀਤਕ ਦਲ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ ਬਾਹਰੀ ਉਮੀਦਵਾਰ ਹੀ ਹੋਣਗੇ। ਕਾਂਗਰਸ ਨੇ ਤਾਂਂ ਪਹਿਲਾਂ ਹੀ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਮਨ ਬਣਾ ਰੱਖਿਆ ਹੈ ਅਤੇ ਉਹ ਜ਼ਿਲਾ ਫਿਰੋਜ਼ਪੁਰ ਇਲਾਕੇ ਦੇ ਰਹਿਣ ਵਾਲੇ ਹਨ। ਭਾਜਪਾ ਨੇ ਬੇਸ਼ੱਕ ਆਪਣਾ ਉਮੀਦਵਾਰ ਐਲਾਨ ਨਹੀਂ ਕੀਤਾ ਹੈ ਪਰ ਇਹ ਵੀ ਨਿਸ਼ਚਿਤ ਹੈ ਕਿ ਉਨ੍ਹਾਂ ਦਾ ਉਮੀਦਵਾਰ ਵੀ ਬਾਹਰੀ ਹੋਵੇਗਾ ਅਤੇ ਭਾਜਪਾ ਕਿਸੇ ਫਿਲਮੀ ਸਟਾਰ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।

Anuradha

This news is Content Editor Anuradha