ਸਰਪੰਚ ਵਲੋਂ ਦਿੱਤੇ ਪੈਸਿਆਂ ਦੇ ਦੋਸ਼ 'ਚ ਘਿਰੇ ਰੰਧਾਵਾ

12/26/2018 3:03:58 PM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਭਿਖਾਰੀਵਾਲ ਦੀ ਸਾਬਕਾ ਸਰਪੰਚ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪੰਚਾਇਤੀ ਚੋਣਾਂ ਸਬੰਧੀ ਗੱਲਬਾਤ ਦੀ ਆਡੀਓ ਕਲਿੱਪ ਵਾਇਰਲ ਹੋਈ ਹੈ। ਇਸ ਕਲਿੱਪ 'ਚ ਹੋਈ ਗੱਲਬਾਤ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਰੰਧਾਵਾ ਖਿਲਾਫ਼ ਗੰਭੀਰ ਦੋਸ਼ ਲਾਏ ਹਨ। ਇਸ ਤਹਿਤ ਇਥੇ ਤਿਬੜੀ ਬਾਈਪਾਸ ਚੌਕ ਨੇੜੇ ਅਕਾਲੀ ਆਗੂ ਕੰਵਲਪ੍ਰੀਤ ਸਿੰਘ ਕਾਕੀ ਦੇ ਦਫਤਰ ਵਿਖੇ ਬੁਲਾਈ ਪ੍ਰੈੱਸ ਕਾਨਫਰੰਸ 'ਚ ਇਹ ਆਡੀਓ ਕਲਿੱਪ ਪੱਤਰਕਾਰਾਂ ਨੂੰ ਸੁਣਾ ਕੇ ਸੋਨੂੰ ਲੰਗਾਹ ਨੇ ਕਿਹਾ ਕਿ ਪਿੰਡ ਭਿਖਾਰੀਵਾਲ ਦੀ ਸਾਬਕਾ ਸਰਪੰਚ ਰੰਧਾਵਾ ਨੂੰ ਫੋਨ ਕਰਕੇ ਸ਼ਰੇਆਮ ਕਹਿ ਰਹੀ ਹੈ ਕਿ ਉਸ ਦੇ ਪਿੰਡ 'ਚ ਜਿਹੜਾ ਸਰਪੰਚ ਇਸ ਵਾਰ ਬਣਿਆ ਹੈ, ਉਸ ਵੱਲੋਂ ਸ਼ਰੇਆਮ ਰੰਧਾਵਾ ਨੂੰ ਪੈਸੇ ਦੇਣ ਦਾ ਪ੍ਰਚਾਰ ਕੀਤਾ ਹੈ। ਸੋਨੂੰ ਲੰਗਾਹ ਨੇ ਕਿਹਾ ਕਿ ਇਸ ਔਰਤ ਵੱਲੋਂ ਰੰਧਾਵਾ ਨਾਲ ਕੀਤੀ ਗਈ ਸਿੱਧੀ ਗੱਲਬਾਤ ਰਾਹੀਂ ਇਹ ਸਿੱਧ ਹੋ ਰਿਹਾ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਵੱਡੇ ਪੱਧਰ 'ਤੇ ਬੇਨਿਯਮੀਆਂ ਤੇ ਪੈਸਿਆਂ ਦਾ ਲੈਣ-ਦੇਣ ਹੋਇਆ ਹੈ। ਉਨ੍ਹਾਂ ਕਿਹਾ ਕਿ ਚੋਣ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹਲਕੇ ਜਾਂ  ਜ਼ਿਲੇ 'ਚੇ ਇੰਨੇ ਵੱਡੇ ਪੱਧਰ 'ਤੇ ਸੰਮਤੀਆਂ ਹੋਈਆਂ ਹੋਣ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਬਲਾਕ ਦੇ ਕੁੱਲ 146 ਪਿੰਡਾਂ 'ਚੋਂ 120 ਪਿੰਡਾਂ 'ਚ ਸਰਬਸੰਮਤੀਆਂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦੋਂਕਿ ਕਲਾਨੌਰ ਬਲਾਕ ਦੇ ਇਸ ਹਲਕੇ ਨਾਲ ਸਬੰਧਤ 88 ਪਿੰਡਾਂ 'ਚੋਂ 79 'ਤੇ ਤੇ ਧਾਰੀਵਾਲ ਬਲਾਕ ਅੰਦਰ ਹਲਕਾ ਡੇਰਾ ਬਾਬਾ ਨਾਨਕ ਨਾਲ ਸਬੰਧਤ 38 ਪਿੰਡਾਂ 'ਚੋਂ 30 'ਤੇ ਸਰਬਸੰਮਤੀ ਹੋਈ ਹੈ।

ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਸਰਬਸੰਮਤੀਆਂ ਨਹੀਂ ਸਗੋਂ ਸਰਕਾਰ ਦਾ ਜਬਰ ਹੈ ਕਿਉਂਕਿ ਬਹੁਤੇ ਪਿੰਡਾਂ ਅੰਦਰ ਕਾਂਗਰਸੀ ਮੰਤਰੀ ਤੇ ਉਸ ਦੇ ਸਮਰਥਕਾਂ ਨੇ  ਜਾਂ ਤਾਂ ਅਕਾਲੀ ਉਮੀਦਵਾਰਾਂ ਦੇ ਕਾਗਜ਼ ਕਟਵਾ ਦਿੱਤੇ ਅਤੇ ਜਾਂ ਫਿਰ ਉਨ੍ਹਾਂ ਨੂੰ ਕਾਗਜ਼ ਜਮ੍ਹਾ ਹੀ ਨਹੀਂ ਕਰਵਾਉਣ ਦਿੱਤੇ। ਇਸ ਕਾਰਨ ਬਹੁ-ਗਿਣਤੀ ਪਿੰਡਾਂ 'ਚ ਬਿਨਾਂ ਮੁਕਾਬਲਾ ਹੀ ਕਾਂਗਰਸੀ ਨੂੰ ਜੇਤੂ ਬਣਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਮਾਣਯੋਗ ਹਾਈਕੋਰਟ ਦੇ ਧਿਆਨ 'ਚ ਵੀ ਲਿਆਂਦਾ ਹੈ ਤੇ ਬਹੁਤ ਜਲਦੀ ਕੇਸ ਦੀ ਸੁਣਵਾਈ ਦੌਰਾਨ ਉਨ੍ਹਾਂ ਨੂੰ ਅਦਾਲਤ ਤੋਂ ਇਨਸਾਫ ਦੀ ਉਮੀਦ ਹੈ। ਇਸ ਮੌਕੇ ਕੁਲਬੀਰ ਸਿੰਘ ਰਿਆੜ ਸਮੇਤ ਹੋਰ ਆਗੂ ਵੱਡੀ ਗਿਣਤੀ 'ਚ ਹਾਜ਼ਰ ਸਨ।

ਅਕਾਲੀ ਦਲ ਆਪਣੇ ਖਤਮ ਹੋ ਚੁੱਕੇ ਆਧਾਰ ਨੂੰ ਬਚਾਉਣ ਲਈ ਕਰ ਰਿਹੈ ਨਾਟਕ : ਰੰਧਾਵਾ  
ਇਸ ਸਬੰਧੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਅਕਾਲੀਆਂ ਨੂੰ ਪਿੰਡਾਂ 'ਚ ਚੋਣ ਲੜਾਉਣ ਲਈ ਉਮੀਦਵਾਰ ਹੀ ਨਹੀਂ ਲੱਭੇ, ਜਿਸ ਕਾਰਨ ਉਹ ਕਾਗਜ਼ ਵੀ ਨਹੀਂ ਭਰ ਸਕੇ। ਉਨ੍ਹਾਂ ਕਈ ਪਿੰਡਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਿਥੇ ਕੋਈ ਅਕਾਲੀ ਉਮੀਦਵਾਰ ਚੋਣ ਲੜਨਾ ਚਾਹੁੰਦਾ ਸੀ, ਉਥੇ ਚੋਣਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਸੰਗਤੂਵਾਲ 'ਚ ਤਾਂ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਮਿਲ ਗਏ ਸਨ ਪਰ ਫਿਰ ਵੀ ਅੱਜ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਪੰਚਾਇਤ ਚੁਣ ਲਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੇ ਖਤਮ ਹੋ ਚੁੱਕੇ ਆਧਾਰ ਨੂੰ ਬਚਾਉਣ ਲਈ ਅਜਿਹੇ ਨਾਟਕ ਕਰ ਰਿਹਾ ਹੈ।

Baljeet Kaur

This news is Content Editor Baljeet Kaur