ਇਸ ਵਾਰ ਬਿਨਾਂ ਪੱਗੜੀ ਦੇ ਪੰਜਾਬੋਂ ਪਰਤੇ ਮੋਦੀ

01/03/2019 6:38:38 PM

ਜਲੰਧਰ (ਜਸਬੀਰ ਵਾਟਾਂ ਵਾਲੀ) : ਗੁਰਦਾਸਪੁਰ 'ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਲੋਕ ਸਭਾ ਚੋਣਾਂ ਦੇ ਮਕਸਦ ਨੂੰ ਲੈ ਕੇ ਰੈਲੀ ਕੀਤੀ। ਇਸ ਰੈਲੀ ਦੌਰਾਨ, ਜਿੱਥੇ ਉਨ੍ਹਾਂ ਨੇ ਸਿਰਫ ਤੇ ਸਿਰਫ ਭਾਸ਼ਣ ਦੇ ਕੇ ਹੀ ਵਾਪਸੀ ਕਰ ਲਈ, ਉਥੇ ਹੀ ਪੰਜਾਬ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪਹਿਲਾਂ ਵਾਲਾ ਸਤਿਕਾਰ ਨਾ ਮਿਲ ਸਕਿਆ। ਇਸ ਰੈਲੀ ਦੌਰਾਨ ਉਨ੍ਹਾਂ ਨੂੰ ਅਕਾਲੀ ਦਲ ਤੇ ਪੰਜਾਬ ਭਾਜਪਾ ਵਲੋਂ ਇਕ ਕਿਰਪਾਨ ਤੇ ਦੁਸ਼ਾਲਾ ਭੇਟ ਕਰਕੇ ਹੀ ਸਾਰ ਦਿੱਤਾ ਗਿਆ। ਇਸ ਦੇ ਉਲਟ ਪੰਜਾਬ ਦੀ ਇਹ ਪਰੰਪਰਾ ਰਹੀ ਹੈ ਕਿ ਖਾਸ ਸ਼ਖਸੀਅਤਾਂ ਅਜਿਹੇ ਮੌਕਿਆਂ ’ਤੇ ਪੱਗੜੀ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਪੀ. ਐੱਮ. ਮੋਦੀ ਦੇ ਪਿਛਲੇ ਪੰਜਾਬ ਦੇ ਚਾਰ ਦੌਰਿਆਂ 'ਤੇ ਝਾਂਤੀ ਮਾਰੀਏ ਤਾਂ ਉਨ੍ਹਾਂ ਨੂੰ ਵੀ ਹਰ ਵਾਰ ਪੱਗੜੀ ਪਾ ਕੇ ਹੀ ਸਨਮਾਨਿਤ ਕੀਤਾ ਗਿਆ ਸੀ। 

 


ਜ਼ਿਕਰਯੋਗ ਹੈ ਕਿ 23 ਫਰਵਰੀ 2014 ਨੂੰ ਜਗਰਾਓ 'ਚ ਹੋਈ ਰੈਲੀ ਦੌਰਾਨ ਵੀ ਉਨ੍ਹਾਂ ਨੂੰ ਸ਼੍ਰੋਮਣੀ ਆਕਾਲੀ ਦਲ ਤੇ ਪੰਜਾਬ ਭਾਜਪਾ ਵਲੋਂ ਪੱਗੜੀ ਪਾ ਕੇ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ 23 ਮਾਰਚ 2015 ਨੂੰ ਹੁਸੈਨੀਵਾਲਾ ਵਿਖੇ ਪੁੱਜੇ ਪ੍ਰਧਾਨ ਮੰਤਰੀ ਨੂੰ ਪੱਗੜੀ ਪਾ ਕੇ ਸਨਮਾਨਿਤ ਕੀਤਾ ਗਿਆ ਸੀ। ਇਸੇ ਤਰ੍ਹਾਂ ਹੀ 27 ਜਨਵਰੀ 2017 ਨੂੰ ਜਦੋਂ ਉਹ ਜਲੰਧਰ ਪੁੱਜੇ ਤਾਂ ਉਨ੍ਹਾਂ ਦਾ ਪੱਗੜੀ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ।


ਇਸ ਵਾਰ ਪੀ. ਐੱਮ ਨੂੰ ਪੱਗੜੀ ਨਾ ਦਿੱਤੇ ਜਾਣ ਦੇ ਕਾਰਨਾਂ ਨੂੰ ਸਮਝੀਏ ਤਾਂ 11 ਜੁਲਾਈ 2018 ਨੂੰ ਹੋਈ ਮਲੋਟ ਰੈਲੀ ਦੌਰਾਨ ਜਦੋਂ ਪ੍ਰਧਾਨ ਨਰਿੰਦਰ ਮੋਦੀ ਨੂੰ ਅਕਾਲੀ ਤੇ ਪੰਜਾਬ ਭਾਜਪਾ ਵਲੋਂ ਪੱਗੜੀ ਪਹਿਨਾਈ ਗਈ ਤਾਂ ਉਨ੍ਹਾਂ ਨੇ 2 ਮਿੰਟ ਤੋਂ ਪਹਿਲਾਂ ਹੀ ਪੱਗ ਲਾ ਕੇ ਪਾਸੇ ਰੱਖ ਦਿੱਤੀ ਸੀ। ਇਸ ਤੋਂ ਬਾਅਦ ਮੀਡੀਆ 'ਚ ਇਸ ਨੂੰ ਲੈ ਕੇ ਖੂਬ ਚਰਚਾ ਹੋਈ ਤੇ ਮੋਦੀ ਵਲੋਂ ਪੱਗ ਦੀ ਬੇਅਦਬੀ ਕਰਨ ਦਾ ਰੌਲਾ-ਰਪਾ ਸ਼ੁਰੂ ਹੋ ਗਿਆ। ਸੋਸ਼ਲ ਮੀਡੀਆ ’ਤੇ ਵੀ ਪੀ. ਐੱਮ ਦੀ ਇਸ ਨੂੰ ਲੈ ਕੇ ਖੂਬ ਕਿਰਕਰੀ ਹੋਈ। ਇਸ ਤੋਂ ਬਾਅਦ ਇਸ ਮਾਮਲੇ ਨੂੰ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਭਵਨ 'ਚ ਵੀ ਉਠਾਇਆ ਤੇ ਮੋਦੀ ਨੂੰ ਇਸ ਮਾਮਲੇ 'ਤੇ ਖੂਬ ਘੇਰਿਆ ਸੀ। ਸ਼ਾਇਦ ਇਹੀ ਕਾਰਨ ਸੀ ਕਿ ਇਸ ਵਾਰ ਆਕਾਲੀ ਤੇ ਪੰਜਾਬ ਭਾਜਪਾ ਨੇ ਮੋਦੀ ਨੂੰ ਪੱਗੜੀ ਦੇਣ ਤੋ ਵਾਂਝਾ ਹੀ ਰੱਖ ਲਿਆ ਤੇ ਉਨ੍ਹਾਂ ਨੂੰ ਬਗੈਰ ਪਗੜੀ ਦੇ ਹੀ ਪੰਜਾਬ ਤੋਂ ਵਾਪਸ ਪਰਤਣਾ ਪਿਆ।  

Baljeet Kaur

This news is Content Editor Baljeet Kaur