ਨਸ਼ੇ ਨੇ ਵਿਕਾਈ ਫੈਕਟਰੀ ਤੇ ਟਰਾਲੇ, ਨੌਜਵਾਨ ਨੇ ਹੁਣ ਕੀਤੀ ਤੌਬਾ

09/19/2019 12:02:51 PM

ਗੁਰਦਾਸਪੁਰ : ਇਕ ਨੌਜਵਾਨ 20 ਸਾਲ ਦੀ ਉਮਰ 'ਚ ਹੈਰੋਇਨ ਦਾ ਨਸ਼ਾ ਕਰਨ ਲੱਗਾ। ਉਸ ਨੇ 10 ਸਾਲ 'ਚ 3 ਕਰੋੜ ਤੋਂ ਵੱਧ ਜਾਇਦਾਦ ਤੇ ਕੈਸ਼ ਨਸ਼ੇ 'ਚ ਉਡਾਅ ਦਿੱਤਾ। ਨਸ਼ੇ ਲਈ ਪਹਿਲਾਂ ਉਸ ਨੇ ਪਰਿਵਾਰ ਦੀ 20 ਸਾਲ ਪੁਰਾਣੀ ਸੋਡਾ ਵਾਟਰ ਫੈਕਟਰੀ ਵੇਚ ਦਿੱਤੀ। ਇੰਨਾਂ ਹੀ ਨਹੀਂ ਉਸ ਨੇ ਆਪਣੇ ਪਿਤਾ ਦੇ ਖਾਤੇ 'ਚੋਂ ਧੋਖੇ ਨਾਲ 36 ਲੱਖ ਰੁਪਾਏ ਵੀ ਕਢਵਾਏ ਤੇ ਉਹ ਵੀ ਨਸ਼ੇ ਲਈ ਖਰਚ ਦਿੱਤੇ। ਜ਼ਿਲਾ ਰੈੱਡ ਕਰਾਸ ਦੇ ਨਸ਼ਾ ਛਡਾਊ ਕੇਂਦਰ 'ਚ ਇਲਾਜ ਤੋਂ ਬਾਅਦ ਹੁਣ 31 ਸਾਲ ਦਾ ਨੌਜਵਾਨ ਨਸ਼ੇ ਤੋਂ ਤੌਬਾ ਕਰ ਚੁੱਕਾ ਹੈ ਤੇ ਦੂਜਿਆਂ ਨੂੰ ਵੀ ਇਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ। ਉਹ ਲੋਕਾਂ ਨੂੰ ਆਪਣੀ ਬਰਬਾਦੀ ਦੀ ਕਹਾਣੀ ਸੁਣਾਉਂਦਾ ਹੈ। ਉਕਤ ਨੌਜਵਾਨ ਨੇ ਦੱਸਿਆ ਕਿ ਉਹ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਮੈਂ ਨਸ਼ਾ ਦੇ ਜਾਲ 'ਚ ਫਸ ਕੇ ਬਰਬਾਦ ਹੋਇਆ ਹਾਂ ਅਜਿਹਾ ਕਿਸੇ ਹੋਰ ਨਾਲ ਨਾ ਹੋਵੇ।

ਨੌਜਵਾਨ ਨੇ ਦੱਸਿਆਂ ਕਿ ਉਸ ਨੇ ਸਭ ਤੋਂ ਪਹਿਲਾਂ ਸ਼ਰਾਬ ਪੀਣੀ ਸ਼ੁਰੂ ਕੀਤੀ। ਹੌਲੀ-ਹੌਲੀ ਦੂਜੇ ਨਸ਼ਿਆਂ ਵੱਲ ਵੱਧਦਾ ਗਿਆ। ਉਸ ਦੀ ਫੈਕਟਰੀ ਦੇ ਸਾਹਮਣੇ ਇਕ ਕੁੜੀ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਉਸ ਨੇ ਉਸ ਆਪਣੇ ਪ੍ਰੇਮ ਜਾਲ 'ਚ ਫਸਾ ਲਿਆ, ਜਿਸ ਤੋਂ ਬਾਆਦ ਉਹ ਹੈਰੋਇਨ ਦਾ ਨਸ਼ਾ ਕਰਨ ਲੱਗਾ। ਸਭ ਕੁਝ ਬਰਬਾਦ ਹੋਣ ਤੋਂ ਬਾਅਦ ਹੁਣ ਉਸ ਨੂੰ ਇਸ ਸਭ ਦੀ ਸਮਝ ਆਈ।

2012 'ਚ ਨਸ਼ੇ ਦੀ ਪੂਰਤੀ ਦੇ ਲਈ ਫੈਕਟਰੀ ਵੇਚ ਦਿੱਤੀ। ਇਸ ਦੇ ਬਾਵਜੂਦ ਪਰਿਵਾਰਕ ਮੈਂਬਰਾਂ ਨੇ ਉਸ ਦਾ ਸਾਥ ਦਿੱਤਾ ਤੇ ਇਲਾਜ ਕਰਵਾਇਆ। 4-5 ਮਹੀਨੇ ਠੀਕ ਰਹਿਣ ਤੋਂ ਬਾਅਦ ਪਿਤਾ ਨੇ ਦੋ ਟਰਾਲੇ ਖਰੀਦ ਕੇ ਦਿੱਤੇ। ਇਕ ਉਹ ਖੁਦ ਚਲਾਉਣ ਲੱਗਾ ਤੇ ਦੂਜਾ ਉਸ ਨੇ ਦੋਸਤ ਨੂੰ ਚਲਾਉਣ ਲਈ ਦਿੱਤਾ। ਨਸ਼ੇ ਦੀ ਪੂਰਤੀ ਲਈ ਉਸ ਦੋਵੇਂ ਟਰਾਲੇ ਵੀ ਵੇਚ ਦਿੱਤੇ। ਇਸ ਦੇ ਬਾਵਜੂਦ ਉਸ ਦੇ ਪਿਤਾ ਨੇ ਇਕ ਹੋਰ ਟਰਾਲਾ ਲੈ ਕੇ ਦਿੱਤਾ ਪਰ ਉਸ ਨੇ ਉਹ ਵੀ ਵੇਚ ਦਿੱਤਾ।

ਪਰਿਵਾਰਕ ਮੈਂਬਰਾਂ ਨੇ ਫਿਰ ਉਸ ਦਾ ਇਲਾਜ ਕਰਵਾਇਆ ਤੇ ਵਿਆਹ ਕਰ ਦਿੱਤਾ। ਇਕ ਸਾਲ ਬਾਅਦ ਉਸ ਦੇ ਘਰ ਬੇਟੇ ਨੇ ਜਨਮ ਲਿਆ। ਉਨ੍ਹਾਂ ਦਾ ਇਕ ਰਿਸ਼ਤੇਦਾਰ ਹੈਰੋਇਨ ਵੇਚਦਾ ਸੀ। ਉਸ ਦੇ ਸੰਪਰਕ 'ਚ ਆ ਕੇ ਉਹ ਫਿਰ ਤੋਂ ਨਸ਼ੇ ਦਾ ਸੇਵਨ ਕਰਨ ਲੱਗਾ। ਹੁਣ ਜ਼ਿਲਾ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ 'ਚ ਇਲਾਜ ਤੋਂ ਬਾਅਦ ਉਸ ਨੇ ਨਸ਼ੇ ਤੋਂ ਤੌਬਾ ਕਰ ਲਈ। ਉਸ ਨੇ ਕਿਹਾ ਕਿ ਉਹ ਹੁਣ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰੇਗਾ।

Baljeet Kaur

This news is Content Editor Baljeet Kaur