ਗੁਰਦਾਸਪੁਰ ਦੀ ਚੋਣ ''ਚੋਂ ਮਾਝੇ ਦਾ ਜਰਨੈਲ ਕਿਉਂ ਗਾਇਬ

09/25/2017 2:33:08 PM

ਗੁਰਦਾਸਪੁਰ (ਬਿਊਰੋ) : ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ। ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਹਲਕੇ ਵਿਚ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਸਮੁੱਚੀ ਲੀਡਰਸ਼ਿਪ ਜਿੱਥੇ ਹਲਕੇ ਵਿਚ ਜਾ-ਜਾ ਕੇ ਆਪਣੇ ਉਮੀਦਵਾਰ ਦਾ ਪ੍ਰਚਾਰ ਕਰ ਰਹੀ ਹੈ, ਉਥੇ ਭਾਜਪਾ ਦੀ ਸਹਿਯੋਗੀ ਅਕਾਲੀ ਦਲ ਗੁੰਮ-ਸੁੰਮ ਨਜ਼ਰ ਆ ਰਹੀ ਹੈ। ਗੁੰਮ-ਸੁੰਮ ਦਾ ਮੁੱਖ ਕਾਰਨ ਮਾਝੇ ਦੇ ਜਰਨੈਲ ਨੂੰ ਮੰਨਿਆ ਜਾ ਰਿਹਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ। ਭਾਵੇਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਮਜ਼ਦਗੀ ਮੌਕੇ ਸਲਾਰੀਆ ਅਤੇ ਸਾਂਪਲਾ ਦੇ ਨਾਲ ਖੜ੍ਹੇ ਨਜ਼ਰ ਆਏ ਪਰ ਕਿਉਂਕਿ ਚੋਣ ਮਾਝੇ ਦੀ ਹੈ, ਇਸ ਲਈ ਮਜੀਠੀਆ ਦੀ ਗੈਰਮੌਜੂਦਗੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ।
ਹਿੰਦੂ ਪ੍ਰਭਾਵ ਵਾਲੀ ਗੁਰਦਾਸਪੁਰ ਦੀ ਇਹ ਸੀਟ ਹਮੇਸ਼ਾ ਭਾਜਪਾ ਦੇ ਕੋਟੇ 'ਚ ਰਹੀ ਹੈ ਪਰ ਅਕਾਲੀ ਦਲ ਵਲੋਂ ਹਮੇਸ਼ਾ ਹੀ ਗਠਜੋੜ ਧਰਮ ਨਿਭਾਉਂਦੇ ਹੋਏ ਪੂਰੀ ਗਰਮਜੋਸ਼ੀ ਨਾਲ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ।
ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਛੇ ਮਹੀਨੇ ਬਾਅਦ ਹੀ ਹੋ ਰਹੀ ਇਸ ਚੋਣ 'ਚ ਅਕਾਲੀ ਦਲ ਪ੍ਰਚਾਰ ਦੇ ਮਾਮਲੇ ਵਿਚ ਸੁਸਤ ਜਾਪ ਰਿਹਾ ਹੈ। ਜਿੱਥੋਂ ਤਕ ਗੱਲ ਬਿਕਰਮ ਮਜੀਠੀਆ ਦੀ ਹੈ ਤਾਂ ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਅੰਮ੍ਰਿਤਸਰ ਲੋਕ ਸਭਾ ਚੋਣਾਂ 'ਚ ਅਰੁਣ ਜੇਤਲੀ ਦੀ ਹਾਰ ਤੋਂ ਬਾਅਦ ਬਿਕਰਮ ਮਜੀਠੀਆ 'ਤੇ ਪਾਰਟੀ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਸੌਂਪਣਾ ਚਾਹੁੰਦੀ ਅਤੇ ਜੇਕਰ ਗੱਲ ਭਾਜਪਾ ਦੀ ਕਰੀਏ ਤਾਂ ਭਾਜਪਾ ਖੁਦ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੀ ਕਮਾਨ ਆਪਣੇ ਹੱਥ 'ਚ ਸਾਂਭੀ ਬੈਠੀ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਬਿਕਰਮ ਮਜੀਠੀਆ 26 ਤਾਰੀਕ ਨੂੰ ਗੁਰਦਾਸਪੁਰ ਵਿਚ ਹੋਣ ਵਾਲੀ ਅਕਾਲੀ-ਭਾਜਪਾ ਦੀ ਰੈਲੀ ਵਿਚ ਨਜ਼ਰ ਆਉਂਦੇ ਹਨ ਜਾਂ ਇਸ ਰੈਲੀ ਤੋਂ ਵੀ ਉਹ ਨਾਦਾਰਦ ਰਹਿੰਦੇ ਹਨ।