ਗੁਰਦਾਸਪੁਰ ਉਪ ਚੋਣ ਨੂੰ ਦੇਖਦਿਆਂ ਭਾਰਤ-ਪਾਕਿ ਸਰਹੱਦ ''ਤੇ ਚੌਕਸੀ ਵਧੀ

09/17/2017 8:37:43 AM

ਜਲੰਧਰ (ਧਵਨ)—ਕੇਂਦਰੀ ਚੋਣ ਕਮਿਸ਼ਨ ਵਲੋਂ 11 ਅਕਤੂਬਰ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਲਈ ਕਰਵਾਈ ਜਾਣ ਵਾਲੀ ਉਪ ਚੋਣ ਨੂੰ ਦੇਖਦਿਆਂ ਸਰਹੱਦੀ ਖੇਤਰ 'ਚ ਚੌਕਸੀ ਵਧਾ ਦਿੱਤੀ ਗਈ ਹੈ। ਭਾਰਤ-ਪਾਕਿ ਸਰਹੱਦ 'ਤੇ ਵਾਧੂ ਚੌਕਸੀ ਵਰਤੀ ਜਾ ਰਹੀ ਹੈ। ਗੁਰਦਾਸਪੁਰ ਲੋਕ ਸਭਾ ਦਾ ਹਲਕਾ ਪਾਕਿਸਤਾਨ ਦੀ ਸਰਹੱਦ ਨਾਲ ਜੁੜਿਆ ਹੋਇਆ ਹੈ, ਇਸ ਲਈ ਇਥੇ ਬੀ. ਐੱਸ. ਐੱਫ. ਨੇ ਹੁਣ ਤੋਂ ਹੀ ਆਪਣੀ ਚੌਕਸੀ ਵਧਾ ਦਿੱਤੀ ਹੈ। ਨਾਲ ਹੀ ਪੰਜਾਬ ਪੁਲਸ ਨੇ ਵੀ ਸਰਹੱਦ 'ਤੇ ਵੱਧ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। 
ਸੁਰੱਖਿਆ ਏਜੰਸੀਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਪੁਲਸ ਨੇ ਗੁਰਦਾਸਪੁਰ ਉਪ ਚੋਣ ਨੂੰ ਸ਼ਾਂਤਮਈ ਢੰਗ ਨਾਲ ਸੰਪੰਨ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰਾਲਾ ਕੋਲੋਂ ਨੀਮ ਸੁਰੱਖਿਆ ਫੋਰਸਾਂ ਦੀਆਂ 57 ਕੰਪਨੀਆਂ ਮੰਗੀਆਂ ਹਨ। ਇਸ ਬਾਰੇ ਅਜੇ ਪੰਜਾਬ ਨੂੰ ਕੇਂਦਰ ਤੋਂ ਕੋਈ ਸੰਦੇਸ਼ ਨਹੀਂ ਮਿਲਿਆ। ਉਪ ਚੋਣ ਲਈ ਕਿਉਂਕਿ ਨੋਟੀਫਿਕੇਸ਼ਨ ਜਾਰੀ ਹੋ ਚੁਕਾ ਹੈ, ਇਸ ਲਈ ਆਉਂਦੇ ਕੁਝ ਦਿਨਾਂ ਅੰਦਰ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਪੰਜਾਬ ਪੁਲਸ ਨੂੰ ਨੀਮ ਸੁਰੱਖਿਆ ਫੋਰਸਾਂ ਦੀਆਂ ਕੰਪਨੀਆਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।