15 ਸਟੇਟ ਐਵਾਰਡੀ ਰੇਹਡ਼ੀ ਲਾ ਕੇ ਪਰਿਵਾਰ ਪਾਲਣ ਨੂੰ ਮਜਬੂਰ

03/26/2019 5:02:44 AM

ਗੁਰਦਾਸਪੁਰ (ਕੰਵਲ)-ਪੰਜਾਬ ਨੂੰ ਕਲਾਕਾਰਾਂ ਦਾ ਗਡ਼੍ਹ ਮੰਨਿਆ ਜਾਂਦਾ ਹੈ ਪਰ ਬਡ਼ੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਇਹ ਕਲਾਕਾਰ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ ਜੋ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਦਿਨ-ਰਾਤ ਮਿਹਨਤ ਤੇ ਚੰਗਾ ਹੁਨਰ ਹੋਣ ਦੇ ਬਾਵਜੂਦ ਫਾਕੇ ਕੱਟਣ ਨੂੰ ਮਜਬੂਰ ਹਨ। ਇਕ ਅਜਿਹਾ ਹੀ ਮੂਰਤੀ ਕਲਾਕਾਰ ਪੰਜਾਬ ਦੇ ਸਰਹੱਦੀ ਜ਼ਿਲਾ ਪਠਾਨਕੋਟ ਦਾ ਵੀ ਹੈ, ਜੋ ਕਿ ਫਾਈਨ ਆਰਟਸ ’ਚ ਡਿਗਰੀ ਹੋਲਡਰ ਹੈ। ਪਠਾਨਕੋਟ ਦਾ ਇਹ ਕਲਾਕਾਰ ਮੂਰਤੀ ਬਣਾਉਣ ਦੀਆਂ ਪ੍ਰਤਿਯੋਗਤਾਵਾਂ ’ਚ ਪੂਰੇ ਦੇਸ਼ ’ਚੋਂ 15 ਸਟੇਟ ਐਵਾਰਡ ਜਿੱਤ ਚੁੱਕਾ ਹੈ। ਹਰ ਪ੍ਰਤਿਯੋਗਤਾ ’ਚ ਚੰਗਾ ਖਾਸਾ ਨਾਂ ’ਤੇ ਵਾਹ-ਵਾਹ ਲੁੱਟਣ ਵਾਲੇ ਇਸ ਕਲਾਕਾਰ ਨੂੰ ਸਨਮਾਨ ਤਾਂ ਬਹੁਤ ਦਿੱਤਾ ਗਿਆ ਪਰ ਰੋਜ਼ਗਾਰ ਲਈ ਕਿਸੇ ਨੇਤਾ, ਅਧਿਕਾਰੀ ਅਤੇ ਸਰਕਾਰ ਨੇ ਅੱਗੇ ਹੋ ਕੇ ਇਸ ਦਾ ਦਾਮਨ ਨਹੀਂ ਥਾਮਿਆ। ਜਿਸ ਕਾਰਨ ਇਹ ਮੂਰਤੀ ਕਲਾਕਾਰ ਦਰਜਨਾਂ ਐਵਾਰਡ ਜਿੱਤਣ ਦੇ ਬਾਵਜੂਦ ਕਿਸੇ ਚੰਗੇ ਅਹੁਦੇ ਦੀ ਬਿਜਾਏ ਆਪਣੇ ਘਰ ਦਾ ਪਾਲਣ-ਪੋਸ਼ਣ ਕਰਨ ਲਈ ਪਠਾਨਕੋਟ ਦੀ ਸਬਜ਼ੀ ਮੰਡੀ ’ਚ ਫਰੂਟ ਦੀ ਰੇਹਡ਼ੀ ਲਾ ਕੇ ਗੁਜ਼ਾਰਾ ਕਰ ਰਿਹਾ ਹੈ। ਸਰਕਾਰੀ ਅਣਦੇਖੀ ਕਾਰਨ ਹਾਲਾਤ ਨਾਲ ਸਮਝੌਤਾ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਇਸ ਜੋਗਿੰਦਰ ਪਾਲ ਨੂੰ ਵੇਖਦੇ ਹੀ ਹਰ ਕਿਸੇ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਜਾਂਦੀਆ ਹਨ, ਕਿਉਂਕਿ ਉਹ ਮੂਰਤੀ ਬਣਾਉਂਦੇ ਸਮੇਂ ਬਾਕੀ ਸਭ ਕੁਝ ਭੁੱਲ ਜਾਂਦਾ ਹੈ। ਜਦ ਜੋਗਿੰਦਰ ਪਾਲ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਆਪਣੀ ਪਡ਼੍ਹਾਈ ਤੋਂ ਲੈ ਕੇ ਦੇਸ਼ ਦੇ ਵੱਖ-ਵੱਖ ਰਾਜਾਂ ’ਚ ਹੋਈਆਂ ਮੂਰਤੀ ਪ੍ਰਤਿਯੋਗਤਾਵਾਂ ਵਿਚ 15 ਐਵਾਰਡ ਜਿੱਤ ਚੁੱਕਾ ਹੈ ਅਤੇ ਜਦ ਕਿਸੇ ਨੇ ਇਨ੍ਹਾਂ ਦਾ ਹੱਥ ਨਹੀਂ ਥਾਮਿਆ ਤਾਂ ਉਸ ਨੇ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਕਈ ਪ੍ਰਕਾਰ ਦੇ ਹੱਥ-ਪੈਰ ਮਾਰੇ ਅਤੇ ਆਖਿਰ ਉਹ ਫਲਾਂ ਦੀ ਫਡ਼ੀ ਹੀ ਲਾ ਕੇ ਬੈਠ ਗਿਆ ਹੈ। ਇਸ ਪ੍ਰਕਾਰ ਮੁਸ਼ਕਲ ਨਾਲ ਪਰਿਵਾਰ ਦਾ ਪੇਟ ਤਾਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਪਾਲ ਹੀ ਰਿਹਾ ਹਾਂ ਪਰ ਸਰਕਾਰ ਦੀ ਅਣਦੇਖੀ ਕਾਰਨ ਸੂਬੇ ਦੇ ਇਕ ਬੇਹਤਰ ਕਲਾਕਾਰ ਦੀ ਕਲਾ ਦਾ ਦਮ ਘੁਟ ਕੇ ਰਹਿ ਜਾਵੇਗਾ।