ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਡੀ. ਸੀ. ਵੱਲੋਂ ਕਿਸਾਨਾਂ ਨੂੰ ਅਪੀਲ

03/04/2020 4:09:55 PM

ਗੁਰਦਾਸਪੁਰ (ਸਰਬਜੀਤ) : ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ 'ਜਗ ਬਾਣੀ' ਨੂੰ ਦੱਸਿਆ ਕਿ ਪੰਜਾਬ ਖੇਤੀਬਾੜੀ ਸੂਬਾ ਹੈ। ਇਹ ਸੂਬਾ ਬਿਨਾਂ ਖੇਤੀਬਾੜੀ ਤੋਂ ਪ੍ਰਫੁੱਲਿਤ ਨਹੀਂ ਹੋ ਸਕਦਾ। ਸਾਡੀ ਸਮੁੱਚੇ ਕਿਸਾਨਾਂ ਨਾਲ ਤਹਿ ਦਿਲੋਂ ਹਮਦਰਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਕਿਸਾਨ ਦੀ ਜ਼ਮੀਨ ਅਤੇ ਰਿਕਾਰਡ ਵਿਚ ਰੈੱਡ ਐਂਟਰੀ ਹੋਵੇ ਅਤੇ ਉਹ ਪ੍ਰੇਸ਼ਾਨੀ ਵਿਚ ਪਵੇ ਪਰ ਜਦੋਂ ਕਿਸਾਨ ਸਾਡੇ ਕਹਿਣ 'ਤੇ ਨਾ ਚੱਲਣ ਤਾਂ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਬਚਦਾ।
ਉਨ੍ਹਾਂ ਸਮੁੱਚੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਕਟਾਈ ਤੋਂ ਬਾਅਦ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਕਿਉਂਕਿ ਝੋਨੇ ਦੀ ਬੀਜਾਈ ਦਾ ਸਮਾਂ ਲਗਭਗ ਡੇਢ ਮਹੀਨਾ ਹੁੰਦਾ ਹੈ। ਇਸ ਦੌਰਾਨ ਉਹ ਖੇਤ ਨੂੰ ਚੰਗੀ ਤਰ੍ਹਾਂ ਵਹਾ ਕੇ ਦੋ ਵਾਰ ਪਾਣੀ ਲਾਉਣ। ਫਿਰ ਖੇਤ ਨੂੰ ਵਾਹੁਣ ਅਤੇ ਸੁਹਾਗਾ ਮਾਰਨ ਉਪਰੰਤ ਫਿਰ ਪਾਣੀ ਦੇਣ। ਇਕ ਵਾਰ ਖੇਤ ਵਾਹੁਣ ਨਾਲ ਹੀ ਨਾੜ ਖੇਤ ਵਿਚ ਰਲ ਜਾਵੇਗੀ। ਜਦੋਂ ਝੋਨੇ ਦੀ ਫਸਲ ਲਾਉਣੀ ਹੈ ਤਾਂ ਇਹ ਖਾਦ ਉਪਜਾਊ ਫਸਲ ਪੈਦਾ ਕਰੇਗੀ। ਇਸ ਲਈ ਅਜੋਕੇ ਯੁੱਗ ਵਿਚ ਸਮੁੱਚੀ ਕਿਰਸਾਨੀ ਨੂੰ ਚਾਹੀਦਾ ਹੈ ਕਿ ਸਾਡੇ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਆਏ ਦਿਨ ਏਹੀ ਅਪੀਲ ਕਰਦੇ ਆ ਰਹੇ ਹਨ ਕਿ ਕਣਕ ਦੇ ਖੇਤਾਂ ਦੀ ਨਾੜ ਨੂੰ ਅੱਗ ਨਾ ਲਾਈ ਜਾਵੇ, ਦੀ ਗੱਲ ਮੰਨਦਿਆਂ ਨਾੜ ਨੂੰ ਅੱਗ ਨਾ ਲਾਈ ਜਾਵੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਹਮਦਰਦੀ ਰੱਖਦਿਆ ਹੋਇਆਂ ਮੈਂ ਆਪਣੇ ਵੱਲੋਂ ਅਪੀਲ ਕਰਦਾ ਹਾਂ ਕਿ ਜੋ ਤੌਰ-ਤਰੀਕਾ ਤੁਹਾਨੂੰ ਸਮਝਾਇਆ ਗਿਆ ਹੈ, ਉਸ ਦੀ ਸੰਜੀਦਗੀ ਨਾਲ ਵਰਤੋਂ ਕਰੋ ਤਾਂ ਜੋ ਸਾਡਾ ਪੰਜਾਬ ਦੂਸ਼ਿਤ ਹੋਣ ਤੋਂ ਬਚਿਆ ਰਹੇ ਕਿਉਂਕਿ ਪ੍ਰਦੂਸ਼ਣ ਨਾਲ ਸਾਹ ਅਤੇ ਹੋਰ ਜਾਨਲੇਵਾ ਬੀਮਾਰੀਆਂ ਨੂੰ ਸੱਦਾ ਮਿਲਦਾ ਹੈ। ਜੋ ਵੀ ਕਿਸਾਨ ਆਪਣੇ ਖੇਤਾਂ 'ਚ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਏਗਾ ਬਲਾਕ ਖੇਤੀਬਾੜੀ ਅਫਸਰ ਵੱਲੋਂ ਉਸ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ ਜਾਵੇਗਾ।

Baljeet Kaur

This news is Content Editor Baljeet Kaur