ਬੇਮੌਸਮੀ ਬਾਰਿਸ਼ ਕਾਰਣ ਖਰਾਬ ਹੋਈ ਕਣਕ ਦੀ ਫਸਲ ਨੂੰ ਵਾਹੁਣ ਲਈ ਮਜਬੂਰ ਕਿਸਾਨ

02/28/2020 2:55:11 PM

ਗੁਰਦਾਸਪੁਰ (ਹਰਮਨ) : ਹਾੜ੍ਹੀ ਦੇ ਇਸ ਸੀਜ਼ਨ ਵਿਚ ਹੋਈ ਬੇਮੌਸਮੀ ਬਾਰਿਸ਼ ਕਾਰਣ ਜ਼ਿਲਾ ਗੁਰਦਾਸਪੁਰ ਦੇ ਕਈ ਨੀਵੇਂ ਇਲਾਕਿਆਂ 'ਚ ਲੇਟ ਬੀਜੀ ਗਈ ਕਣਕ ਦੀ ਫਸਲ ਕਾਫੀ ਪ੍ਰਭਾਵਿਤ ਹੋਈ ਹੈ, ਜਿਸ ਕਾਰਣ ਕਈ ਥਾਵਾਂ 'ਤੇ ਪਾਣੀ ਦੀ ਮਾਰ ਨਾਲ ਖਰਾਬ ਹੋ ਚੁੱਕੀ ਫਸਲ ਦੇ ਠੀਕ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਾ ਆਉਣ ਕਾਰਣ ਕਿਸਾਨ ਇਸ ਫਸਲ ਨੂੰ ਖੇਤਾਂ ਵਿਚ ਵਾਹੁਣ ਲਈ ਮਜਬੂਰ ਹੋ ਰਹੇ ਹਨ। ਅਜਿਹੇ ਕਿਸਾਨਾਂ ਵਲੋਂ ਖਰਾਬ ਹੋਈ ਕਣਕ ਵਾਹ ਕੇ ਮੂੰਗੀ, ਮਾਂਹ ਅਤੇ ਮੱਕੀ ਬੀਜਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਦਕਿ ਕਈ ਕਿਸਾਨ ਅਜੇ ਵੀ ਕਣਕ ਦੇ ਠੀਕ ਹੋਣ ਦੀ ਆਸ ਲਾਈ ਬੈਠੇ ਹਨ।

ਵਧੀਆ ਹਾਲਤ 'ਚ ਹੈ ਸਮੇਂ ਸਿਰ ਬੀਜੀ ਗਈ ਕਣਕ
ਜ਼ਿਲਾ ਗੁਰਦਾਸਪੁਰ 'ਚ ਕਣਕ ਦੀ ਫਸਲ ਹੇਠ ਕਰੀਬ 1 ਲੱਖ 84 ਹਜ਼ਾਰ ਹੈੱਕਟੇਅਰ ਰਕਬਾ ਹੈ। ਖੇਤੀ ਮਾਹਿਰਾਂ ਅਨੁਸਾਰ ਜ਼ਿਲੇ ਦੀਆਂ ਬਹੁਤੀਆਂ ਥਾਵਾਂ 'ਤੇ ਤਾਂ ਕਣਕ ਦੀ ਹਾਲਤ ਬਹੁਤ ਵਧੀਆ ਹੈ ਕਿਉਂਕਿ ਇਸ ਸਾਲ ਵੀ ਠੰਡ ਦਾ ਮੌਸਮ ਕਾਫੀ ਲੰਮਾ ਚੱਲਣ ਕਾਰਣ ਕਣਕ ਨੂੰ ਕਾਫੀ ਲਾਭ ਮਿਲਿਆ ਹੈ। ਕੁਝ ਹਫਤੇ ਪਹਿਲਾਂ ਵਿਰਲੀਆਂ ਥਾਵਾਂ 'ਤੇ ਕਣਕ ਦੀ ਫਸਲ 'ਤੇ ਪੀਲੀ ਕੁੰਗੀ ਦਾ ਹਮਲਾ ਹੋਇਆ ਸੀ ਪਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਮੇਂ ਸਿਰ ਜਾਗਰੂਕ ਕਰ ਕੇ ਲੋੜੀਂਦੀਆਂ ਦਵਾਈਆਂ ਦਾ ਛਿੜਕਾਅ ਕਰਵਾ ਦਿੱਤਾ ਗਿਆ ਸੀ, ਜਿਸ ਕਾਰਣ ਪੀਲੀ ਕੁੰਗੀ ਦੀ ਰੋਕਥਾਮ ਹੋ ਗਈ ਸੀ। ਇਸੇ ਤਰ੍ਹਾਂ ਫਸਲ 'ਤੇ ਤੇਲੇ ਵਰਗੇ ਕੀਟਾਂ ਜਾਂ ਹੋਰ ਬੀਮਾਰੀਆਂ ਦਾ ਹਮਲਾ ਵੀ ਬਹੁਤ ਘੱਟ ਰਿਹਾ ਹੈ, ਜਿਸ ਕਾਰਣ ਕਿਸਾਨ ਕਣਕ ਦੀ ਫਸਲ ਤੋਂ ਚੰਗੀ ਪੈਦਾਵਾਰ ਮਿਲਣ ਦੀ ਆਸ ਲਾਈ ਬੈਠੇ ਹਨ।

ਲੇਟ ਬੀਜੀ ਗਈ ਫਸਲ ਨੂੰ ਪਈ ਪਾਣੀ ਦੀ ਮਾਰ
ਬਾਸਮਤੀ ਜਾਂ ਹੋਰ ਫਸਲਾਂ ਦੀ ਵਾਢੀ ਤੋਂ ਬਾਅਦ ਜਿਹੜੇ ਖੇਤਾਂ ਵਿਚ ਕਣਕ ਦੀ ਬੀਜਾਈ ਲੇਟ ਕੀਤੀ ਗਈ ਸੀ, ਉਨ੍ਹਾਂ ਵਿਚੋਂ ਕੁਝ ਖੇਤਾਂ ਵਿਚ ਕਣਕ ਦੀ ਫਸਲ ਨੂੰ ਬੇਮੌਮਸੀ ਬਾਰਿਸ਼ ਨੇ ਕਾਫੀ ਪ੍ਰਭਾਵਿਤ ਕੀਤਾ ਹੈ। ਖਾਸ ਤੌਰ 'ਤੇ ਬੇਟ ਅਤੇ ਛੰਭ ਦੇ ਇਲਾਕਿਆਂ 'ਚ ਕਣਕ ਦੀ ਬੀਜਾਈ ਤੋਂ ਬਾਅਦ ਕਈ ਵਾਰ ਹੋਈ ਬਾਰਿਸ਼ ਦੇ ਪਾਣੀ ਨੇ ਫਸਲ ਨੂੰ ਲਪੇਟ ਵਿਚ ਲਿਆ ਹੋਇਆ ਹੈ। ਇਨ੍ਹਾਂ ਬਲਾਕਾਂ 'ਚ ਅਜੇ ਵੀ ਕਈ ਖੇਤ ਅਜਿਹੇ ਹਨ ਜਿਨ੍ਹਾਂ 'ਚੋਂ ਪਾਣੀ ਬਾਹਰ ਨਹੀਂ ਨਿਕਲ ਸਕਿਆ ਜਾਂ ਫਿਰ ਖੇਤ ਵਿਚ ਸਿੱਲ ਵਧਣ ਕਾਰਣ ਕਣਕ ਦੀ ਫਸਲ ਦੇ ਵਾਧੇ 'ਤੇ ਅਸਰ ਪਿਆ ਹੈ। ਜਿਹੜੇ ਥਾਵਾਂ 'ਤੇ ਹੁਣ ਪਾਣੀ ਸੁੱਕ ਗਿਆ ਹੈ ਅਤੇ ਖੇਤ ਵਿਚ ਵੱਤਰ ਆ ਗਿਆ ਹੈ, ਉਨ੍ਹਾਂ ਵਿਚ ਨੁਕਸਾਨੀ ਗਈ ਕਣਕ ਨੂੰ ਖੇਤ ਵਿਚ ਵਾਹ ਕੇ ਕਿਸਾਨਾਂ ਨੇ ਮੱਕੀ, ਮੂੰਗੀ ਅਤੇ ਮਾਂਹ ਵਰਗੀਆਂ ਫਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿੰਡ ਦਾਖਲਾ ਦੇ ਕਿਸਾਨ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਕਰੀਬ 11 ਏਕੜ ਕਣਕ ਬਾਰਿਸ਼ ਦੇ ਪਾਣੀ ਨਾਲ ਖਰਾਬ ਹੋ ਗਈ ਸੀ, ਜਿਸ ਕਾਰਣ ਹੁਣ ਉਸ ਨੇ ਇਸ ਕਣਕ ਨੂੰ ਵਾਹ ਕੇ ਖੇਤਾਂ ਵਿਚ ਮਿਲਾ ਦਿੱਤਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੱਕੀ ਅਤੇ ਮੂੰਗੀ ਦੀ ਬੀਜਾਈ ਕੀਤੀ ਜਾ ਰਹੀ, ਜਿਸ ਦੇ ਬਾਅਦ ਉਹ ਮੁੜ ਇਨ੍ਹਾਂ ਖੇਤਾਂ ਵਿਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਨਗੇ।

ਕਿਸਾਨਾਂ ਨੂੰ ਫਸਲ ਦਾ ਨਿਰੀਖਣ ਕਰਦੇ ਰਹਿਣ ਦੀ ਸਲਾਹ
ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਸਥਾਰ ਅਫਸਰ ਬਲਜਿੰਦਰਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਕਿਸੇ ਫਸਲ 'ਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਕਿਸੇ ਵੀ ਖਾਦ ਜਾਂ ਦਵਾਈ ਦੀ ਵਰਤੋਂ ਕਰਨ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤ ਵਿਚ ਪੀਲੀ ਕੁੰਗੀ ਜਾਂ ਹੋਰ ਬੀਮਾਰੀ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ ਪਰ ਮੌਸਮ 'ਚ ਆ ਰਹੀਆਂ ਤਬਦੀਲੀਆਂ ਫਸਲ 'ਤੇ ਕਿਸੇ ਬੀਮਾਰੀ ਦੇ ਹਮਲੇ ਦਾ ਕਾਰਣ ਬਣ ਸਕਦੀਆਂ ਹਨ। ਇਸ ਲਈ ਫਸਲ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੰਨੇ ਜਾਂ ਕਿਸੇ ਹੋਰ ਫਸਲ ਦੇ ਖਾਲੀ ਹੋਏ ਖੇਤਾਂ ਵਿਚ ਕਿਸਾਨ ਮੂੰਗੀ ਦੀ ਬੀਜਾਈ ਕਰ ਸਕਦੇ ਹਨ, ਜਿਸ ਦੀ ਪੈਦਾਵਾਰ ਵੀ ਚੰਗੀ ਹੈ ਅਤੇ ਇਸ ਫਸਲ ਨੂੰ ਸਮੇਂ ਸਿਰ ਕੱਟ ਕੇ ਕਿਸਾਨ ਮੁੜ ਝੋਨਾ ਜਾਂ ਹੋਰ ਫਸਲ ਬੀਜ ਸਕਦੇ ਹਨ।

Baljeet Kaur

This news is Content Editor Baljeet Kaur