ਅਧਿਆਪਕ ''ਤੇ ਬੱਚਿਆਂ ਨਾਲ ਤਸ਼ੱਦਦ ਕਰਨ ਦਾ ਦੋਸ਼

09/18/2019 10:56:50 AM

ਗੁਰਦਾਸਪੁਰ (ਵਿਨੋਦ) : ਬਲਾਕ ਕਾਹਨੂੰਵਾਨ ਦੇ ਪਿੰਡ ਭੈਣੀ ਪਸਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ 'ਤੇ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਣ ਅਤੇ ਉਨ੍ਹਾਂ ਤੋਂ ਸਿਰ ਘੁਟਵਾਉਣ ਅਤੇ ਮਾਲਸ਼ ਕਰਵਾਉਣ ਦੇ ਦੋਸ਼ ਲੱਗੇ ਹਨ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਅਧਿਆਪਕ ਬਲਬੀਰ ਰਾਏ ਨੇ ਕਈ ਵਾਰ ਬੱਚਿਆਂ ਨਾਲ ਕੁੱਟ-ਮਾਰ ਵੀ ਕੀਤੀ ਹੈ ਪਰ ਫ਼ੈਸਲਾ ਹੋ ਜਾਂਦਾ ਸੀ ਪਰ ਇਸ ਵਾਰ ਉਸ ਨੇ ਇਕ ਬੱਚੀ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ, ਜਿਸ ਦੀ ਸ਼ਿਕਾਇਤ ਥਾਣੇ ਵਿਚ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਅਧਿਆਪਕ ਛੋਟੇ ਬੱਚਿਆਂ ਨੂੰ 5ਵੀਂ ਕਲਾਸ ਦੇ ਸਵਾਲ ਕੱਢਣ ਲਈ ਕਹਿੰਦਾ ਹੈ ਅਤੇ ਸਵਾਲ ਨਾ ਆਉਣ 'ਤੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਦਾ ਹੈ ਅਤੇ ਡਰਾਵਾ ਦਿੰਦਾ ਹੈ ਕਿ ਜੇਕਰ ਘਰ ਜਾ ਕੇ ਦੱਸਿਆ ਤਾਂ ਹੋਰ ਡੰਡੇ ਵੱਜਣਗੇ। ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਬੱਚਿਆਂ ਦੇ ਸਰੀਰ 'ਤੇ ਕਈ ਵਾਰ ਲਾਸ ਦੇ ਨਿਸ਼ਾਨ ਵੀ ਦੇਖੇ ਹਨ ਅਤੇ ਉਨ੍ਹਾਂ ਵਲੋਂ ਅਧਿਆਪਕ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਸ 'ਤੇ ਉਸ ਦਾ ਕਹਿਣਾ ਹੈ ਕਿ ਜੋ ਕਰਨਾ ਕਰ ਲਵੋ।

ਇਸ ਸਬੰਧੀ ਐੱਸ. ਐੱਚ. ਓ. ਪ੍ਰਭਜੋਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਆਈ ਹੈ ਕਿ ਅਧਿਆਪਕ ਨੇ ਬੱਚਿਆਂ ਨੂੰ ਕੁੱਟਿਆ ਹੈ ਅਤੇ ਸਾਡੇ ਕੋਲ ਸਿਰਫ ਇਕ ਬੱਚੀ ਦੀ ਮੈਡੀਕਲ ਰਿਪੋਰਟ ਆਈ ਹੈ, ਜਿਸ ਅਨੁਸਾਰ ਧਾਰਾ-323 ਦੀ ਸ਼ਿਕਾਇਤ ਦਰਜ ਕੀਤੀ ਜਾਣੀ ਬਣਦੀ ਹੈ ਪਰ ਅਸੀਂ ਇਸ ਲੜਕੀ ਦੇ ਘਰ ਵੀ ਗਏ ਸੀ ਅਤੇ ਬਿਆਨ ਦੇਣ ਲਈ ਕਿਹਾ ਹੈ, ਪਰ ਅਜੇ ਤੱਕ ਕਿਸੇ ਵੀ ਬੱਚੇ ਜਾਂ ਉਸ ਦੇ ਮਾਪਿਆਂ ਵੱਲੋਂ ਪੁਲਸ ਨੂੰ ਕੋਈ ਬਿਆਨ ਨਹੀਂ ਦਿੱਤਾ ਗਿਆ। ਜਦ ਵੀ ਕੋਈ ਬਿਆਨ ਦੇਵੇਗਾ ਉਸ ਮੁਤਾਬਕ ਬਣਦੀ ਕਾਰਵਾਈ ਅਧਿਆਪਕ ਵਿਰੁੱਧ ਕੀਤੀ ਜਾਵੇਗੀ।

Baljeet Kaur

This news is Content Editor Baljeet Kaur