ਮੋਦੀ ਦੇ 100 ਦਿਨਾਂ ਦਾ ਮੁਕਾਬਲਾ ਵੀ ਨਹੀਂ ਕਰ ਸਕਦੇ ਕੈਪਟਨ ਦੇ 1000 ਦਿਨ : ਸ਼ਵੇਤ ਮਲਿਕ

09/14/2019 11:33:37 AM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਦੂਸਰੇ ਕਾਰਜਕਾਲ ਦੇ 100 ਦਿਨ ਪੂਰੇ ਹੋਣ 'ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਗੁਰਦਾਸਪੁਰ ਅੰਦਰ ਪ੍ਰੈੱਸ ਕਾਨਫਰੰਸ ਕਰਕੇ ਜਿਥੇ ਆਪਣੀ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉਸ ਦੇ ਉਲਟ ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਦੇ 1000 ਦਿਨ ਪੂਰੇ ਹੋਣ 'ਤੇ ਇਸ ਸਰਕਾਰ ਨੂੰ ਹਰ ਮੁਹਾਜ਼ 'ਤੇ ਅਸਫਲ ਦੱਸਿਆ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਵੱਡੇ ਵਾਅਦੇ ਕਰ ਕੇ ਸੱਤਾ 'ਚ ਆਈ ਕੈਪਟਨ ਸਰਕਾਰ ਨੇ 1000 ਦਿਨਾਂ 'ਚ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਅਤੇ ਉਲਟਾ ਬਿਜਲੀ ਦੇ ਰੇਟ ਵਧਾਉਣ ਤੋਂ ਇਲਾਵਾ ਕਈ ਟੈਕਸ ਥੋਪ ਕੇ ਸਰਕਾਰ ਨੇ ਵਪਾਰੀਆਂ ਸਮੇਤ ਹੋਰ ਵਰਗਾਂ ਨੂੰ ਵੈਂਟੀਲੇਟਰ 'ਤੇ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕ ਕੇ ਖੁਦ ਹੀ ਇਹ ਕਬੂਲ ਕਰ ਲਿਆ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਹਿਰਾਂ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਨਸ਼ਿਆਂ ਦੇ ਖਾਤਮੇ ਦੀ ਸਹੁੰ ਖਾਣ ਵਾਲੇ ਕੈਪਟਨ ਦੀ ਸਰਕਾਰ 'ਚ ਹੁਣ ਔਰਤਾਂ ਕਹਿ ਰਹੀਆਂ ਹਨ ਕਿ ਉਹ ਠੀਕਰੀ ਪਹਿਰੇ ਲਗਾ ਕੇ ਨਸ਼ਿਆਂ ਨੂੰ ਰੋਕਣਗੀਆਂ। ਕੈਪਟਨ ਸਰਕਾਰ ਨੇ ਵੱਖ-ਵੱਖ ਭਲਾਈ ਯੋਜਨਾਵਾਂ, ਬੁਢੇਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਟਾ-ਦਾਲ ਸਕੀਮ ਸਮੇਤ ਹਰੇਕ ਯੋਜਨਾ ਬੰਦ ਕਰ ਦਿੱਤੀ ਹੈ, ਜਿਸ ਕਾਰਨ ਭਾਜਪਾ ਵਲੋਂ ਪੰਜਾਬ ਦੇ ਹਿੱਤਾਂ ਦੀ ਪੂਰਤੀ ਲਈ ਚੌਕੀਦਾਰ ਦੀ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਇਸ ਸਰਕਾਰ ਵਿਰੁੱਧ ਭਾਜਪਾ ਵਲੋਂ ਕਈ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ।

ਦੂਜੇ ਪਾਸੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦੇ 100 ਦਿਨ ਪੂਰੇ ਹੋ ਗਏ, ਜਿਸ ਦੌਰਾਨ ਮੋਦੀ ਨੇ ਇਤਿਹਾਸਕ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਦਹਾਲੀ ਖਤਮ ਕਰਨ ਲਈ ਹਰੇਕ ਕਿਸਾਨ ਨੂੰ 6000 ਰੁਪਏ ਪੈਨਸ਼ਨ ਦੇਣ, ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਲਈ ਨਵੀਂ ਪੈਨਸ਼ਨ ਯੋਜਨਾ ਸ਼ੁਰੂ ਕਰਨ, ਵਪਾਰੀਆਂ ਲਈ ਤਿੰਨ ਹਜ਼ਾਰ ਰੁਪਏ ਦੀ ਪੈਨਸ਼ਨ ਯੋਜਨਾ ਸ਼ੁਰੂ ਕਰਨ, ਬੈਂਕਾਂ ਨੂੰ ਬਚਾਉਣ ਲਈ 70 ਹਜ਼ਾਰ ਕਰੋੜ ਰੁਪਏ ਦੇਣ ਸਮੇਤ ਅਨੇਕਾਂ ਫੈਸਲੇ ਲਏ। ਪੂਰੀ ਦੁਨੀਆ 'ਚੋਂ ਭਾਰਤ ਅੰਦਰ ਸੜਕ ਹਾਦਸੇ ਜ਼ਿਆਦਾ ਹੋਣ ਕਾਰਨ ਹੁਣ ਮੋਦੀ ਸਰਕਾਰ ਨੇ ਨਵਾਂ ਮੋਟਰ ਵਹੀਕਲ ਐਕਟ ਬਣਾ ਕੇ ਇਸ ਨੂੰ ਲਾਗੂ ਕਰਵਾਉਣ ਲਈ ਗਾਈਡ ਲਾਈਨਜ਼ ਦਿੱਤੀਆਂ ਹਨ। ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ 15700 ਮੈਡੀਕਲ ਸੀਟਾਂ ਵਧਾਉਣ ਅਤੇ ਹਰੇਕ ਗਰੀਬ ਵਿਅਕਤੀ ਦਾ 5 ਲੱਖ ਰੁਪਏ ਦਾ ਬੀਮਾ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਲੋਕ ਸਭਾ 'ਚ 137 ਫੀਸਦੀ ਬਿਜ਼ਨੈੱਸ ਹੋਇਆ, ਜਦੋਂ ਕਿ 103 ਫੀਸਦੀ ਬਿਜ਼ਨੈੱਸ ਰਾਜ ਸਭਾ ਵਿਚ ਹੋਇਆ ਹੈ। ਇਸੇ ਤਰ੍ਹਾਂ ਕਸ਼ਮੀਰ ਅੰਦਰ ਧਾਰਾ 370 ਖਤਮ ਕਰ ਕੇ ਇਕ ਦੇਸ਼, ਇਕ ਵਿਧਾਨ ਤੇ ਇਕ ਪ੍ਰਧਾਨ ਦੀ ਨੀਤੀ ਨੂੰ ਲਾਗੂ ਕੀਤਾ ਹੈ। ਇਸੇ ਤਰ੍ਹਾਂ ਉਨ੍ਹਾਂ ਹੋਰ ਵੀ ਅਨੇਕਾਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਤੇ ਮਜ਼ਬੂਤ ਪਾਰਟੀ ਬਣ ਚੁੱਕੀ ਹੈ, ਜਿਸ ਨੂੰ ਪੂਰਾ ਦੇਸ਼ ਪਿਆਰ ਕਰ ਰਿਹਾ ਹੈ।

Baljeet Kaur

This news is Content Editor Baljeet Kaur