ਲੁਟੇਰਿਆਂ ਨੇ ਪਿਸਤੌਲ ਦੀ ਨੋਕ ''ਤੇ ਖੋਹੀ ਕਾਰ

07/18/2019 6:12:08 PM

ਗੁਰਦਾਸਪੁਰ (ਵਿਨੋਦ) : 2 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਨੌਜਵਾਨ ਤੋਂ ਕਾਰ ਖੋਹ ਲਈ। ਭੈਣੀ ਮੀਆਂ ਖਾਂ ਪੁਲਸ ਨੇ ਇਸ ਸਬੰਧੀ ਕਾਰ ਚਾਲਕ ਸੰਜੀਵ ਕੁਮਾਰ ਪੁੱਤਰ ਰਘੁਬੀਰ ਸਿੰਘ ਵਾਸੀ ਪਿੰਡ ਫੱਤੂ ਬਰਕਤਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਲੁਟੇਰਿਆਂ ਵਿਰੁੱਧ ਹਥਿਆਰ ਐਕਟ ਅਧੀਨ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਆਪਣੀ ਕਾਰ ਪੀ. ਬੀ. 06 ਵਾਈ 5264 'ਤੇ ਭੈਣੀ ਮੀਆਂ ਖਾਂ ਤੋਂ ਫੱਤੂ ਬਰਕਤਾਂ ਜਾ ਰਿਹਾ ਸੀ ਤਾਂ ਰਸਤੇ ਵਿਚ ਟੀ-ਮੋੜ ਪਿੰਡ ਮੂਲਾਂਵਾਲ ਕੋਲ 2 ਨੌਜਵਾਨਾਂ ਨੇ ਹੱਥ ਦੇ ਕੇ ਉਸ ਨੂੰ ਰੋਕ ਲਿਆ। ਇਕ ਨੌਜਵਾਨ ਉਸ ਨਾਲ ਗੱਲਾਂ ਕਰਨ ਲੱਗਾ ਅਤੇ ਗੱਲਾਂ ਕਰਦੇ-ਕਰਦੇ ਉਸ ਨੇ ਕਾਰ ਦੀ ਚਾਬੀ ਕੱਢ ਲਈ। ਜਦ ਉਸ ਨੇ ਵਿਰੋਧ ਕੀਤਾ ਤਾਂ ਇਕ ਨੌਜਵਾਨ ਨੇ ਪਿਸਤੌਲ ਕੱਢ ਲਿਆ ਅਤੇ ਜੇਬ 'ਚੇ ਰੱਖੇ ਮੈਗਜ਼ੀਨ ਨੂੰ ਪਿਸਤੌਲ ਵਿਚ ਪਾਉਣ ਲੱਗਾ। ਇਸ ਦੌਰਾਨ ਉਹ ਉਥੋਂ ਭੱਜਣ ਵਿਚ ਸਫ਼ਲ ਹੋ ਗਿਆ।

ਸੰਜੀਵ ਕੁਮਾਰ ਨੇ ਦੱਸਿਆ ਕਿ ਜਿਸ ਕੋਲ ਪਿਸਤੌਲ ਸੀ ਲੱਗਦਾ ਹੈ ਕਿ ਉਹ ਪਿਸਤੌਲ ਵਿਚ ਮੈਗਜ਼ੀਨ ਠੀਕ ਨਾਲ ਫਿਟ ਨਹੀਂ ਕਰ ਪਾਇਆ ਸੀ ਅਤੇ ਉਹ ਫਾਇਰ ਨਹੀਂ ਕਰ ਸਕਿਆ। ਸੰਜੀਵ ਨੇ ਪੁਲਸ ਨੂੰ ਦੱਸਿਆ ਕਿ ਜਿਨ੍ਹਾਂ ਲੁਟੇਰਿਆਂ ਨੇ ਕਾਰ ਖੋਹੀ ਉਹ ਕਾਰ ਖੋਹ ਕੇ ਪਿੰਡ ਮੌਜਪੁਰ ਵੱਲ ਲੈ ਗਏ। ਦੋਵੇਂ ਹੀ ਲੁਟੇਰੇ ਮੋਨੇ ਸਨ ਅਤੇ ਘੱਟ ਉਮਰ ਦੇ ਸਨ। ਪੁਲਸ ਇਸ ਮਾਮਲੇ ਵਿਚ ਲੁਟੇਰਿਆਂ ਦੀ ਤਾਲਾਸ਼ ਕਰ ਰਹੀ ਹੈ।

Baljeet Kaur

This news is Content Editor Baljeet Kaur