ਜਲਦ ਕਾਂਗਰਸ ਦਾ ਹੱਥ ਫੜ ਸਕਦੇ ਹਨ ਸੁੱਚਾ ਸਿੰਘ ਛੋਟੇਪੁਰ

09/18/2017 12:53:38 PM

ਗੁਰਦਾਸਪੁਰ - ਗੁਰਦਾਸਪੁਰ ਲੋਕ ਸਭਾ ਹਲਕੇ ਦੀਆਂ ਜ਼ਿਮਨੀ ਚੋਣਾ ਲਈ ਨਾਮਜ਼ਦਗੀ ਦਾਖਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾ ਚੋਣ ਦੇ ਰੰਗ 'ਚ ਰੰਗੇ ਨਜ਼ਰ ਆ ਰਹੇ ਹਨ ਪਰ ਆਮ ਆਦਮੀ ਪਾਰਟੀ 'ਚੋਂ ਬਰਖਾਸਤ ਹੋਣ ਤੋਂ ਬਾਅਦ ਆਪਣਾ ਪੰਜਾਬ ਪਾਰਟੀ ਬਣਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਦੀ ਚੁੱਪੀ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। 
ਸੂਤਰਾ ਮੁਤਾਬਕ ਛੋਟੇਪੁਰ ਜ਼ਿਮਨੀ ਚੋਣ 'ਚ ਕੋਈ ਉਮੀਦਵਾਰ ਖੜਾ ਨਹੀਂ ਕਰ ਰਹੇ। ਇਸ ਗੱਲ ਦਾ ਸੰਕੇਤ ਵੀ ਮਿਲ ਰਿਹਾ ਹੈ ਕਿ ਛੋਟੇਪੁਰ ਕਾਂਗਰਸ 'ਚ ਸ਼ਾਮਲ ਹੋ ਸਕਦਾ ਹੈ। 
ਕੁਝ ਸਮਾਂ ਪਹਿਲਾਂ ਛੋਟੇਪੁਰ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋ ਚੁੱਕੀ ਹੈ। ਕੈਪਟਨ ਨਾਲ ਛੋਟੇਪੁਰ ਦੇ ਪੁਰਾਣੇ ਸਬੰਧ ਹਨ। ਕੈਪਟਨ ਖੁਦ ਛੋਟੇਪੁਰ ਦੇ ਲੰਬੇ ਰਾਜਨੀਤਿਕ ਤਜ਼ੁਰਬੇ ਦਾ ਲਾਭ ਲੈਣਾ ਚਾਹੁੰਦੇ ਹਨ। ਕੁਝ ਵੱਡੇ ਭਾਜਪਾ ਨੇਤਾ ਵੀ ਛੋਟੇਪੁਰ ਨਾਲ ਸੰਪਰਕ ਕਰ ਚੁੱਕੇ ਹਨ ਪਰ ਛੋਟੇਪੁਰ ਦਾ ਝੁਕਾਅ ਕਾਂਗਰਸ ਪ੍ਰਤੀ ਨਰਮ ਨਜ਼ਰ ਆ ਰਿਹਾ ਹੈ। ਬਹੁਤ ਕੁਝ ਇਸ 'ਤੇ ਨਿਰਭਰ ਕਰਦਾ ਹੈ ਕਿ ਛੋਟੇਪੁਰ ਨੂੰ ਪਾਰਟੀ 'ਚ ਕਿਹੜਾ ਅਹੁਦਾ ਦਿੱਤਾ ਜਾਂਦਾ ਹੈ। 
ਜਦਕਿ ਆਉਣ ਵਾਲੇ ਦਿਨਾਂ 'ਚ ਛੋਟੇਪੁਰ ਆਪਣੀ ਪਾਰਟੀ ਨਾਲ ਕਾਂਗਰਸ 'ਚ ਸ਼ਾਮਲ ਹੋ ਜਾਣਗੇ ਤਾਂ ਹੈਰਾਨੀ ਨਹੀਂ ਹੋਵੇਗੀ। ਛੋਟੇਪੁਰ ਦੀ ਚੁੱਪੀ ਰਾਜਨੀਤਿਕ ਗਲਿਆਰਿਆ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ 'ਚ ਉਨ੍ਹਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਗੱਲਾਂ ਨੂੰ ਵੀ ਬੱਲ ਮਿਲ ਰਿਹਾ ਹੈ। ਛੋਟੇਪੁਰ ਨੇ ਅਜੇ ਤੱਕ ਇਨ੍ਹਾਂ ਚਰਚਾਵਾਂ ਦਾ ਖੰਡਨ ਨਹੀਂ ਕੀਤਾ। ਨਾ ਹੀ ਗੁਰਦਾਸਪੁਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਉਨ੍ਹਾਂ ਨੇ ਆਪਣੇ ਅਤੇ ਪਾਰਟੀ ਦੇ ਪੱਤੇ ਖੋਲੇ ਹਨ।