ਜ਼ਿਲਾ ਪ੍ਰਸ਼ਾਸਨ ਨੇ ਕੇਸ਼ੋਪੁਰ ਛੰਭ ਦੀ ਸੁਰੱਖਿਆ ਵਧਾਈ

12/01/2019 1:20:05 PM

ਗੁਰਦਾਸਪੁਰ (ਵਿਨੋਦ) : ਬੀਤੇ ਦਿਨੀਂ ਰਾਜਸਥਾਨ 'ਚ ਸਥਿਤ ਕਮਿਊਨਿਟੀ ਰਿਜ਼ਰਵ ਛੰਭ ਵਿਚ ਲਗਭਗ 15 ਹਜ਼ਾਰ ਪ੍ਰਵਾਸੀ ਪੰਛੀਆਂ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਕਾਰਣ ਗੁਰਦਾਸਪੁਰ ਤੋਂ ਮਾਤਰ 8 ਕਿਲੋਮੀਟਰ ਦੂਰ ਸਥਿਤ ਕੇਸ਼ੋਪੁਰ ਛੰਭ ਵਿਚ ਵੀ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰ ਦਿੱਤੇ ਗਏ ਹਨ। ਛੰਭ 'ਚ 24 ਘੰਟੇ ਲਈ ਵਿਸ਼ੇਸ ਗਾਰਡਾਂ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ ਜੋ ਕਿ ਨਾ ਸਿਰਫ ਕੇਸ਼ੋਪੁਰ ਛੰਭ ਦੀ ਰਖਵਾਲੀ ਕਰਨਗੇ, ਬਲਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਹਾਲਤ ਜਾਂ ਹਲਚਲ ਸਬੰਧੀ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨਗੇ। ਵਰਣਨਯੋਗ ਹੈ ਕਿ ਕੇਸ਼ੋਪੁਰ ਛੰਭ 800 ਏਕੜ ਵਿਚ ਫੈਲਿਆ ਹੋਇਆ ਹੈ, ਜਿਥੇ ਹਰ ਸਾਲ ਸਰਦੀ ਦਾ ਮੌਸਮ ਸ਼ੁਰੂ ਹੋਣ 'ਤੇ ਸਾਇਬੇਰੀਆ, ਕਜ਼ਾਕਿਸਤਾਨ ਸਮੇਤ ਹੋਰ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਪੰਛੀ ਆਉਣਾ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਸਮੇਂ ਲਗਭਗ 16 ਹਜ਼ਾਰ ਪੰਛੀ 90 ਵੱਖ-ਵੱਖ ਪ੍ਰਜਾਤੀਆਂ ਦੇ ਛੰਭ ਵਿਚ ਅਠਖੇਲੀਆਂ ਕਰਦੇ ਵੇਖੇ ਜਾ ਸਕਦੇ ਹਨ।

ਜਾਣਕਾਰੀ ਅਨੁਸਾਰ ਇਹ ਕੇਸ਼ੋਪੁਰ ਛੰਭ ਕਦੀ ਮਹਾਰਾਜਾ ਰਣਜੀਤ ਸਿੰਘ ਦੀ ਸ਼ਿਕਾਰਗਾਹ ਹੁੰਦਾ ਸੀ ਅਤੇ ਹੁਣ ਸਰਕਾਰ ਵਲੋਂ ਇਸ ਨੂੰ ਰਿਜ਼ਰਵ ਐਲਾਨ ਕਰਦੇ ਹੋਏ ਸੈਰ-ਸਪਾਟਾ ਸਥਾਨ ਦੇ ਰੂਪ ਵਿਚ ਵਿਕਸਿਤ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਕਈ ਵਾਰ ਅਖਬਾਰਾਂ 'ਚ ਕੇਸ਼ੋਪੁਰ ਛੰਭ ਵਿਚ ਪੰਛੀਆਂ ਦੇ ਸ਼ਿਕਾਰ ਦੀਆਂ ਖਬਰਾਂ ਪ੍ਰਕਾਸ਼ਤ ਹੋਈਆਂ ਹਨ ਪਰ ਅੱਜ ਤੱਕ ਕੋਈ ਵੀ ਦੋਸ਼ੀ ਪੁਲਸ ਦੀ ਪਕੜ ਵਿਚ ਨਹੀਂ ਆਇਆ। ਹੁਣ ਜਿਸ ਤਰ੍ਹਾਂ ਨਾਲ ਰਾਜਸਥਾਨ ਵਿਚ ਸਥਿਤ ਕਮਿਊਨਿਟੀ ਰਿਜ਼ਰਵ ਛੰਭ ਵਿਚ ਲਗਭਗ 15 ਹਜ਼ਾਰ ਪ੍ਰਵਾਸੀ ਪੰਛੀਆਂ ਦੀ ਮੌਤ ਹੋ ਗਈ ਹੈ ਅਤੇ ਅਜਿਹੀ ਹਾਲਤ 'ਚ ਕੇਸ਼ੋਪੁਰ ਛੰਭ ਦੇ ਪ੍ਰਤੀ ਜ਼ਿਲਾ ਪ੍ਰਸ਼ਾਸਨ ਗੰਭੀਰ ਹੋ ਗਿਆ ਹੈ ਅਤੇ ਛੰਭ ਵਿਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰ ਦਿੱਤੇ ਗਏ ਹਨ।

24 ਘੰਟੇ ਲਈ ਗਾਰਡਾਂ ਨੂੰ ਕੀਤਾ ਤਾਇਨਾਤ, ਛੰਭ 'ਚ ਮ੍ਰਿਤਕ ਪੰਛੀ ਪਾਏ ਜਾਣ 'ਤੇ ਹੋਵੇਗਾ ਪੋਸਟਮਾਰਟਮ : ਮਹਾਜਨ
ਇਸ ਸਬੰਧੀ ਜਦ ਰਿਜਨਲ ਫਾਰੈਸਟ ਆਫਿਸ ਰਾਜੇਸ਼ ਮਹਾਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੇਸ਼ੋਪੁਰ ਛੰਭ ਦੀ ਸੁਰੱਖਿਆ ਨੂੰ 24 ਘੰਟੇ ਲਈ ਸਖਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚਾਹੇ ਪਹਿਲਾਂ ਵੀ ਵਿਭਾਗ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸੀ ਪਰ ਹੁਣ ਕੁਝ ਸਖ਼ਤੀ ਜ਼ਿਆਦਾ ਕੀਤੀ ਗਈ ਹੈ। ਸੁਰੱਖਿਆ ਲਈ ਵਿਸ਼ੇਸ਼ ਤੌਰ 'ਤੇ ਗਾਰਡਾਂ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਸ਼ਿਫਟ ਅਨੁਸਾਰ 24 ਘੰਟੇ ਡਿਊਟੀ 'ਤੇ ਤਾਇਨਾਤ ਰਹਿਣਗੇ ਅਤੇ ਜਦ ਛੰਭ ਵਿਚ ਕੋਈ ਪੰਛੀ ਮ੍ਰਿਤਕ ਪਾਇਆ ਜਾਂਦਾ ਹੈ ਤਾਂ ਉਸ ਦਾ ਬਾਕਾਇਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਤਾਂ ਕਿ ਉਸ ਦੀ ਮੌਤ ਦੇ ਕਾਰਣਾਂ ਦਾ ਪਤਾ ਲਾਇਆ ਜਾ ਸਕੇ।

ਕੋਈ ਵੀ ਛੰਭ ਦੇ ਪੰਛੀਆਂ ਦਾ ਸ਼ਿਕਾਰ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਫੜਿਆ ਗਿਆ ਤਾਂ ਹੋਵੇਗੀ ਸਖਤ ਕਾਰਵਾਈ
ਉਨ੍ਹਾਂ ਦੱਸਿਆ ਕਿ ਹੁਣ ਤੱਕ ਛੰਭ ਵਿਚ 16-17 ਹਜ਼ਾਰ ਦੇ ਕਰੀਬ ਪੰਛੀ ਪ੍ਰਵਾਸ 'ਤੇ ਹਨ ਅਤੇ 90 ਤਰ੍ਹਾਂ ਦੀਆਂ ਕਿਸਮਾਂ ਦੇ ਪੰਛੀ ਛੰਭ ਵਿਚ ਪਹੁੰਚੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਕੋਈ ਵੀ ਛੰਭ ਦੇ ਪੰਛੀਆਂ ਦਾ ਸ਼ਿਕਾਰ ਕਰਦਾ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕੇਸ਼ੋਪੁਰ ਛੰਭ ਦੇ ਨੇੜੇ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਕੇਸ਼ੋਪੁਰ ਛੰਭ ਦੀ ਸੁਰੱਖਿਆ ਵਿਚ ਭੂਮਿਕਾ ਅਦਾ ਕਰੇ ਅਤੇ ਜਦ ਕੋਈ ਸ਼ੱਕੀ ਵਿਅਕਤੀ ਛੰਭ ਦੇ ਆਸਪਾਸ ਘੁੰਮਦੇ ਵਿਖੇ ਤਾਂ ਤੁਰੰਤ ਗਾਰਡ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਪ੍ਰਵਾਸ 'ਤੇ ਆਏ ਪੰਛੀਆਂ ਦੀ ਸੁਰੱਖਿਆ ਨੂੰ ਯਕੀਨੀ ਕੀਤਾ ਜਾ ਸਕੇ।
 

Baljeet Kaur

This news is Content Editor Baljeet Kaur