ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਬਿਜਲੀ ਮੁਲਾਜ਼ਮਾਂ ਵਲੋਂ ਰੋਸ ਰੈਲੀਆਂ

12/02/2019 6:14:55 PM

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ) : ਪੰਜਾਬ ਰਾਜ ਪਾਵਰਕਾਮ ਅਤੇ ਟਰਾਂਸਕੋ ਵਿਚ ਕੰਮ ਕਰਦੀਆਂ ਵੱਖੋ-ਵੱਖ ਸਿਰਮੌਰ ਜਥੇਬੰਦੀਆਂ, ਜਿਸ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਇੰਪਲਾਈਜ਼ ਫੈੱਡਰੇਸ਼ਨ, ਜੇ. ਈ. ਕੌਸ਼ਲ, ਸਬ-ਅਰਬਨ ਦਫ਼ਤਰ ਦੇ ਮੁਲਾਜ਼ਮਾਂ ਵਲੋਂ ਰੋਸ ਰੈਲੀਆਂ ਕਰ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਸਥਾਨਕ ਨਹਿਰੂ ਪਾਰਕ 'ਚ ਟੀ. ਐੱਸ. ਯੂ. ਦੀ ਰੈਲੀ ਦੀ ਪ੍ਰਧਾਨਗੀ ਸਾਥੀ ਬਲਕਾਰ ਸਿੰਘ ਨੇ ਕੀਤੀ। ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਵੱਲੋਂ ਸਰਕਲ ਦਫ਼ਤਰ ਗੁਰਦਾਸਪੁਰ ਵਿਖੇ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਰਵੇਲ ਸਿੰਘ ਸਹਾਏਪੁਰ ਸੂਬਾ ਪ੍ਰਧਾਨ ਨੇ ਕੀਤੀ ਜਦਕਿ ਸਬ-ਅਰਬਨ ਦਫ਼ਤਰ ਰੇਲਵੇ ਸਟੇਸ਼ਨ ਵਿਖੇ ਪ੍ਰਧਾਨ ਫਿਰੋਜ਼ ਮਸੀਹ ਦੀ ਅਗਵਾਈ ਵਿਚ ਰੋਸ ਰੈਲੀ ਕੀਤੀ ਗਈ, ਜਿਸ ਵਿਚ ਸਰਕਲ ਪ੍ਰਧਾਨ ਦਰਬਾਰਾ ਸਿੰਘ ਛੀਨਾ ਵਿਸ਼ੇਸ਼ ਤੌਰ 'ਤੇ ਪਹੁੰਚੇ।

ਇਸ ਮੌਕੇ ਵੱਖ-ਵੱਖ ਯੂਨੀਅਨ ਦੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਅੱਜ ਪੂਰੇ ਪੰਜਾਬ ਅੰਦਰ ਬਿਜਲੀ ਕਾਮਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਕਾਰਣ ਹਰ ਰੋਜ਼ ਕਰੋੜਾਂ ਰੁਪਏ ਇਕੱਠਾ ਕਰਨ ਵਾਲਾ ਪਾਵਰਕਾਮ ਆਪਣੇ ਮੁਲਾਜ਼ਮਾਂ ਨੂੰ ਨਵੰਬਰ 2019 ਦੀ ਤਨਖਾਹ ਹੀ ਨਹੀਂ ਜਾਰੀ ਕਰ ਸਕਿਆ। ਮੁਲਾਜ਼ਮ ਆਗੂਆਂ ਨੇ ਦੱਸਿਆ ਹੈ ਮੁਲਾਜ਼ਮਾਂ ਦੀ ਤਨਖਾਹ ਸਿਰਫ 175 ਕਰੋੜ ਦੇ ਕਰੀਬ ਪ੍ਰਤੀ ਮਹੀਨਾ ਬਣਦੀ ਹੈ ਅਤੇ ਮਾਲੀਆ ਕਈ ਗੁਣਾ ਵੱਧ। ਇਸ ਲਈ ਅੱਜ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ ਕੀਤੀਆਂ ਗਈਆਂ ਹਨ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਰਮਚਾਰੀਆਂ ਦੀਆਂ ਤਨਖਾਹਾਂ ਦੀ ਅਦਾਇਗੀ ਤੁਰੰਤ ਨਾ ਕੀਤੀ ਤਾਂ ਸਮੂਹ ਮੁਲਾਜ਼ਮ 'ਤਨਖਾਹ ਨਹੀਂ ਤਾਂ ਕੰਮ ਨਹੀਂ' ਦੇ ਸਿਧਾਂਤ ਨੂੰ ਲਾਗੂ ਕਰਨਗੇ।

ਵੱਖ-ਵੱਖ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਤਨਖ਼ਾਹਾਂ ਨੂੰ ਸਮੇਂ ਸਿਰ ਜਾਰੀ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਪਾਵਰਕਾਮ ਦੇ ਚੇਅਰਮੈਨ ਅਤੇ ਡਾਇਰੈਕਟਰਾਂ ਦੇ ਫੀਲਡ ਵਿਚ ਆਉਣ 'ਤੇ ਕਾਲੇ ਝੰਡਿਆਂ ਨਾਲ ਵਿਖਾਵਾ ਅਤੇ ਘਿਰਾਓ ਕੀਤਾ ਜਾਵੇਗਾ। 10 ਦਸੰਬਰ ਤੋਂ 24 ਦਸੰਬਰ ਤੱਕ ਮੰਡਲ, ਉਪ ਮੰਡਲ ਪੱਧਰ 'ਤੇ ਰੋਸ ਵਿਖਾਵੇ, 2 ਅਤੇ 3 ਜਨਵਰੀ 2020 ਨੂੰ ਹੈੱਡਆਫਿਸ ਪਟਿਆਲਾ ਮੁਹਰੇ 2 ਰੋਜ਼ਾ ਧਰਨਾ ਦਿੱਤਾ ਜਾਵੇਗਾ।

Baljeet Kaur

This news is Content Editor Baljeet Kaur