ਨਾਬਾਲਗ ਧੀ ਦਾ 50 ਹਜ਼ਾਰ ''ਚ 40 ਸਾਲਾ ਵਿਅਕਤੀ ਨਾਲ ਕੀਤਾ ਸੌਦਾ

06/17/2019 4:57:19 PM

ਗੁਰਦਾਸਪੁਰ (ਵਿਨੋਦ) : ਭਰਾ ਨੇ 10 ਸਾਲਾ ਭੈਣ ਦਾ ਨਿਕਾਹ ਉਸ ਦੇ 40 ਸਾਲਾ ਖਰੀਦਦਾਰ ਨਾਲ ਇਸ ਲਈ ਨਹੀਂ ਹੋਣ ਦਿੱਤਾ, ਕਿਉਂਕਿ ਉਸ ਦਾ ਪਿਤਾ ਲੜਕੀ ਦੇ ਬਦਲੇ ਪ੍ਰਾਪਤ ਰਾਸ਼ੀ ਤੋਂ ਉਸ ਨੂੰ ਹਿੱਸਾ ਨਹੀਂ ਦੇ ਰਿਹਾ ਸੀ।

ਸਰਹੱਦ ਪਾਰ ਸੂਤਰਾਂ ਅਨੁਸਾਰ ਦਾਦੂ ਕਸਬਾ ਵਾਸੀ ਮਜਹਰ ਹੁਸੈਨ ਜੋ ਨਸ਼ੇ ਦਾ ਆਦੀ ਸੀ, ਨੇ ਆਪਣੀ 10 ਸਾਲਾ ਲੜਕੀ ਮੂਮਲ ਦਾ ਸੌਦਾ 40 ਸਾਲਾ ਵਿਅਕਤੀ ਸੂਮਰ ਖੋਸੋ ਨਾਲ 50 ਹਜ਼ਾਰ ਰੁਪਏ 'ਚ ਕਰ ਲਿਆ। ਲੜਕੀ ਦਾ ਨਿਕਾਹ ਸੂਮਰ ਨਾਲ ਕਰਨ ਦਾ ਡਰਾਮਾ ਕਰ ਕੇ ਉਹ ਆਪਣੀ ਲੜਕੀ ਦੀ ਖਰੀਦੋ-ਫਰੋਖਤ 'ਤੇ ਪਰਦਾ ਪਾਉਣਾ ਚਾਹੁੰਦਾ ਸੀ ਪਰ ਜਦ ਨਿਕਾਹ ਦੀ ਤਿਆਰੀ ਚੱਲ ਰਹੀ ਸੀ ਤਾਂ ਮਜਹਰ ਹੁਸੈਨ ਦਾ ਲੜਕਾ ਰੁਸਤਮ ਖੋਸੋ ਪੁਲਸ ਨੂੰ ਲੈ ਕੇ ਨਿਕਾਹ ਸਥਾਨ 'ਤੇ ਆ ਗਿਆ ਅਤੇ ਨਿਕਾਹ ਰੁਕਵਾ ਦਿੱਤਾ। ਜਦ ਇਸ ਸਬੰਧੀ ਦੁਲਹਨ ਬਣੀ ਮੂਮਲ ਤੋਂ ਪੁਲਸ ਨੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਦੱਸਿਆ ਕਿ ਉਸ ਦਾ ਸੌਦਾ ਉਸ ਦੇ ਪਿਤਾ ਨੇ ਸੂਮਰ ਨਾਲ ਕੀਤਾ ਸੀ। ਕੁਝ ਦਿਨਾਂ ਤੋਂ ਉਸ ਦਾ ਭਰਾ ਰੁਸਤਮ ਆਪਣੇ ਪਿਤਾ ਤੋਂ ਮੈਨੂੰ ਵੇਚਣ ਤੋਂ ਪ੍ਰਾਪਤ ਰਾਸ਼ੀ ਤੋਂ ਹਿੱਸਾ ਮੰਗ ਰਿਹਾ ਸੀ, ਜਦਕਿ ਮੇਰਾ ਪਿਤਾ ਮਜਹਰ ਹੁਸੈਨ ਇਹ ਹਿੱਸਾ ਨਹੀਂ ਦੇ ਰਿਹਾ ਸੀ। ਜਿਸ ਕਾਰਨ ਘਰ 'ਚ ਝਗੜਾ ਰਹਿੰਦਾ ਸੀ।

ਮੂਮਲ ਨੇ ਸਵੀਕਾਰ ਕੀਤਾ ਕਿ ਉਸ ਦੀ ਉਮਰ ਮਾਤਰ 10 ਸਾਲ ਦੀ ਹੈ ਅਤੇ ਉਸ ਦਾ ਪਿਤਾ ਨਸ਼ੇੜੀ ਹੈ। ਮੂਮਲ ਨੇ ਪੁਲਸ ਨੂੰ ਸਪੱਸ਼ਟ ਕਿਹਾ ਕਿ ਉਹ ਇਹ ਨਿਕਾਹ ਵਿਰੁੱਧ ਹੈ। ਜਿਸ 'ਤੇ ਪੁਲਸ ਨੇ ਮੂਮਲ ਦੇ ਪਿਤਾ ਮਜਹਰ ਹੁਸੈਨ ਸਮੇਤ ਦੂਲ੍ਹਾ ਬਣੇ ਸੂਮਰ ਖੋਸੋ ਅਤੇ ਨਿਕਾਹ ਕਰਵਾਉਣ ਵਾਲੇ ਮੌਲਵੀ ਨੂੰ ਗ੍ਰਿਫ਼ਤਾਰ ਕਰ ਲਿਆ।

Baljeet Kaur

This news is Content Editor Baljeet Kaur