ਕ੍ਰਿਸ਼ਚੀਅਨ ਪਤੀ-ਪਤਨੀ ਦੀ ਸ਼ੱਕੀ ਹਾਲਾਤ ''ਚ ਮੌਤ

08/23/2019 10:37:37 AM

ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਕਾਲਾਪੁਲ ਕਾਲੋਨੀ ਵਿਚ ਇਕ ਕ੍ਰਿਸ਼ਚੀਅਨ ਪਤੀ-ਪਤਨੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਪਤੀ-ਪਤਨੀ ਨੇ ਲਗਭਗ ਇਕ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਸੀ। ਮ੍ਰਿਤਕ ਪਤੀ ਸਰੀਫ ਮਸੀਹ ਦਾ ਇਹ ਪਹਿਲਾ ਵਿਆਹ ਸੀ, ਜਦਕਿ ਉਸ ਦੀ ਪਤਨੀ ਈਰਮ ਦਾ ਦੂਜਾ ਵਿਆਹ ਸੀ ਕਿਉਂਕਿ ਉਸ ਦੇ ਪਹਿਲੇ ਪਤੀ ਦੀ ਮੌਤ ਹੋਣ ਦੇ ਬਾਅਦ ਉਸ ਨੇ ਦੂਜਾ ਵਿਆਹ ਸਰੀਫ ਮਸੀਹ ਨਾਲ ਕਰਵਾਇਆ ਸੀ। ਮਰਨ ਵਾਲੀ ਮਹਿਲਾ ਈਰਮ ਦੇ ਪਹਿਲੇ ਵਿਆਹ ਦੇ ਦੋ ਬੱਚੇ ਵੀ ਸੀ, ਜੋ ਈਰਮ ਦੇ ਨਾਲ ਹੀ ਰਹਿੰਦੇ ਸੀ। ਡਾਕਟਰਾਂ ਅਨੁਸਾਰ ਪਤਨੀ ਦੀ ਰੱਸੇ ਨਾਲ ਗਲਾ ਦਬਾ ਕੇ ਹੱਤਿਆ ਕੀਤੀ ਗਈ ਹੈ, ਜਦਕਿ ਪਤੀ ਨੇ ਫੰਦਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।

ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਅੱਜ ਸਵੇਰੇ ਕਰਾਚੀ ਦੇ ਮੁਹੱਲਾ ਕਾਲਾਪੁਲ ਦੇ ਕੋਲ ਇਕ ਘਰ ਵਿਚ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਜਦ ਲੋਕਾਂ ਨੇ ਜਾ ਕੇ ਵੇਖਿਆ ਤਾਂ ਘਰ ਵਿਚ ਰਹਿਣ ਵਾਲੇ ਵਿਅਕਤੀ ਸਰੀਫ ਮਸੀਹ ਦੀ ਲਾਸ਼ ਪੱਖੇ ਦੇ ਨਾਲ ਲਟਕੀ ਹੋਈ ਸੀ, ਜਦਕਿ ਉਸ ਦੀ ਪਤਨੀ ਈਰਮ ਮਸੀਹ ਜ਼ਮੀਨ 'ਤੇ ਮਰੀ ਪਈ ਸੀ। ਬੱਚਿਆਂ ਨੇ ਪੁਲਸ ਨੂੰ ਦੱਸਿਆ ਕਿ ਪਤੀ-ਪਤਨੀ ਦਾ ਕਿਸੇ ਨਾ ਕਿਸੇ ਗੱਲ 'ਤੇ ਝਗੜਾ ਹੁੰਦਾ ਰਹਿੰਦਾ ਸੀ ਅਤੇ ਅੱਜ ਸਵੇਰੇ ਹੀ ਉਨ੍ਹਾਂ ਨੇ ਸਰੀਫ ਮਸੀਹ ਨੂੰ ਪੱਖੇ ਨਾਲ ਲਟਕੇ ਅਤੇ ਈਰਮ ਨੂੰ ਜ਼ਮੀਨ 'ਤੇ ਮਰੀ ਪਈ ਵੇਖਿਆ। ਪੁਲਸ ਨੂੰ ਸ਼ੱਕ ਹੈ ਕਿ ਸਰੀਫ ਮਸੀਹ ਨੇ ਪਹਿਲਾਂ ਆਪਣੀ ਪਤਨੀ ਦੀ ਰੱਸੀ ਨਾਲ ਗਲਾ ਦਬਾ ਕੇ ਹੱਤਿਆ ਕੀਤੀ ਅਤੇ ਬਾਅਦ ਵਿਚ ਉਸੇ ਰੱਸੀ ਨਾਲ ਫੰਦਾ ਲਾ ਕੇ ਆਤਮ-ਹੱਤਿਆ ਕੀਤੀ।

Baljeet Kaur

This news is Content Editor Baljeet Kaur