ਜਦੋਂ ਰੱਖਿਅਕ ਹੀ ਬਣਿਆ ਲੁਟੇਰਾ, 4 ਸਾਥੀਆਂ ਨਾਲ ਰਲ ਕੇ ਲੁੱਟੇ 20 ਲੱਖ

12/02/2019 3:45:14 PM

ਕੋਟਕਪੂਰਾ (ਨਰਿੰਦਰ) : ਨਿੱਜੀ ਕੰਪਨੀ ਪ੍ਰਾਈਮ ਵਿਜ਼ਨ ਇੰਡਸਟਰੀਜ਼ ਦੇ ਠੇਕੇਦਾਰਾਂ ਦੇ ਦੋ ਮੁਲਾਜ਼ਮਾਂ ਤੋਂ ਉਨ੍ਹਾਂ ਦਾ ਇਕ ਸਾਥੀ ਗੰਨਮੈਨ ਹੀ ਆਪਣੇ ਚਾਰ ਅਣਪਛਾਤੇ ਸਾਥੀਆਂ ਨਾਲ ਮਿਲਕੇ ਹਥਿਆਰ ਦੀ ਨੋਕ 'ਤੇ 20 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ। ਇਹ ਮੁਲਾਜ਼ਮ ਸਕਾਰਪੀਓ ਗੱਡੀ 'ਚ ਨਕਦੀ ਲੈ ਕੇ ਪਠਾਨਕੋਟ ਤੋਂ ਸ਼੍ਰੀਗੰਗਾਨਗਰ ਜਾ ਰਹੇ ਸਨ ਅਤੇ ਇਸ ਦੌਰਾਨ ਰਸਤੇ 'ਚ ਕੋਟਕਪੂਰਾ ਸ਼ਹਿਰ ਤੋਂ ਲੰਘਣ ਦੌਰਾਨ ਨੈਸ਼ਨਲ ਹਾਈਵੇ 'ਤੇ ਗੰਨਮੈਨ ਨੇ ਸਾਜਿਸ਼ ਅਧੀਨ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਨਕਦੀ ਲੁੱਟ ਕੇ ਆਪਣੇ ਚਾਰ ਸਾਥੀਆਂ ਨਾਲ ਫਾਰਚੂਨਰ ਗੱਡੀ 'ਚ ਬੈਠਕੇ ਫਰਾਰ ਹੋ ਗਏ। ਇਸ ਮਾਮਲੇ 'ਚ ਥਾਣਾ ਸਿਟੀ ਪੁਲਸ ਨੇ ਠੇਕੇਦਾਰ ਦੀ ਸਕਾਰਪੀਓ ਗੱਡੀ ਦੇ ਚਾਲਕ ਅਰਵਿੰਦ ਕੁਮਾਰ ਦੇ ਬਿਆਨਾਂ 'ਤੇ ਗੰਨਮੈਨ ਯੂ. ਪੀ. ਦੇ ਜ਼ਿਲਾ ਏਟਾ ਦੇ ਪਿੰਡ ਰਾਮਨਗਰ ਨਿਵਾਸੀ ਭੂਰਾ ਸਿੰਘ ਰਾਠੌਰ ਉਰਫ ਧਰਮਿੰਦਰ ਅਤੇ ਉਸ ਦੇ ਚਾਰ ਅਣਪਛਾਤੇ ਸਾਥੀਆਂ ਖਿਲਾਫ ਆਈ. ਪੀ. ਸੀ . ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਲਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਹਿੰਦੂਮਲਕੋਟ (ਸ਼੍ਰੀਗੰਗਾਨਗਰ) ਦੇ ਪਿੰਡ ਮੰਡੇਰਾ ਨਿਵਾਸੀ ਅਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਪ੍ਰਾਈਮ ਵਿਜ਼ਨ ਇੰਡਸਟਰੀਜ਼ ਕੰਪਨੀ ਦੇ ਠੇਕੇਦਾਰਾਂ ਨਾਲ ਬਤੌਰ ਡਰਾਈਵਰ ਕੰਮ ਕਰਦਾ ਹੈ। ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਉਹ ਆਪਣੇ ਮਾਲਕ ਦੇ ਮੁਨੀਮ ਕਰੌਲੀ (ਰਾਜਸਥਾਨ) ਦੇ ਪਿੰਡ ਪਾਲਮਪੁਰ ਨਿਵਾਸੀ ਮਲਖਾਨ ਸਿੰਘ ਅਤੇ ਗੰਨਮੈਨ ਭੂਰਾ ਸਿੰਘ ਰਾਠੌਰ ਨਾਲ ਸਕਾਰਪੀਓ ਗੱਡੀ 'ਤੇ ਸਵਾਰ ਹੋ ਕੇ ਠੇਕੇਦਾਰਾਂ ਦੀ 20 ਲੱਖ ਦੀ ਨਗਦੀ ਲੈ ਕੇ ਪਠਾਨਕੋਟ ਤੋਂ ਸ਼੍ਰੀਗੰਗਾਨਗਰ ਜਾ ਰਹੇ ਸਨ।

ਜਦ ਉਹ ਕੋਟਕਪੂਰਾ ਸ਼ਹਿਰ ਦੇ ਓਵਰਬ੍ਰਿਜ ਕੋਲ ਪਹੁੰਚੇ ਤਾਂ ਅਚਾਨਕ ਗੰਨਮੈਨ ਭੂਰਾ ਸਿੰਘ ਰਾਠੌਰ ਨੇ ਗੱਡੀ ਰੁਕਵਾ ਲਈ ਅਤੇ ਉਸ ਨੂੰ ਜਬਰੀ ਗੱਡੀ ਤੋਂ ਉਤਾਰ ਦਿੱਤਾ। ਇਸ ਤੋਂ ਬਾਅਦ ਭੂਰਾ ਸਿੰਘ ਨੇ ਪਿਸਤੌਲ ਤਾਣ ਕੇ ਉਸ ਨੂੰ ਗੱਡੀ ਅੱਗੇ ਤੋਰ ਲੈਣ ਦੀ ਧਮਕੀ ਦਿੱਤੀ। ਇਸ ਦੌਰਾਨ ਬਠਿੰਡਾ ਰੋਡ ਹਾਈਵੇ 'ਤੇ 15-20 ਕਿਲੋਮੀਟਰ ਜਾਣ ਤੋਂ ਬਾਅਦ ਰਸਤੇ 'ਚ ਇਕ ਕਾਲੇ ਰੰਗ ਦੀ ਫਾਰਚੂਨਰ ਗੱਡੀ ਖੜ੍ਹੀ ਮਿਲੀ ਜਿਸ 'ਚ ਚਾਰ ਮੁੱਲਾ ਫੈਸ਼ਨ ਵਾਲੇ ਵਿਅਕਤੀ ਬੈਠੇ ਹੋਏ ਸਨ। ਭੂਰਾ ਸਿੰਘ ਸਾਡੀ ਸਕਾਰਪੀਓ ਤੋਂ ਉਤਰ ਕੇ ਫਾਰਚੂਨਰ 'ਚ ਬੈਠ ਕੇ ਸਾਥੀਆਂ ਸਮੇਤ ਬਠਿੰਡਾ ਵੱਲ ਨੂੰ ਚਲੇ ਗਏ। ਅਰਵਿੰਦਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਗੱਡੀ ਲੈ ਕੇ ਵਾਪਸ ਆਇਆ ਅਤੇ ਮੁਨੀਮ ਮਲਖਾਨ ਸਿੰਘ ਨੂੰ ਲੱਭ ਕੇ ਘਟਨਾ ਬਾਰੇ ਕੰਪਨੀ ਦੇ ਜੀ. ਐੱਮ. ਮਹਾਵੀਰ ਫਿਰੋਜ਼ਪੁਰ ਨੂੰ ਨਾਲ ਲੈ ਕੇ ਪੁਲਸ ਨੂੰ ਜਾਣਕਾਰੀ ਦਿੱਤੀ। ਇਸ ਮਾਮਲੇ ਵਿਚ ਜਾਂਚ ਅਧਿਕਾਰੀ ਅਤੇ ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਸਿਟੀ ਪੁਲਸ ਨੇ ਅਰਵਿੰਦਰ ਕੁਮਾਰ ਦੇ ਬਿਆਨਾਂ 'ਤੇ ਉਸ ਦੇ ਸਾਥੀ ਗੰਨਮੈਨ ਭੂਰਾ ਸਿੰਘ ਰਾਠੌਰ ਅਤੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Anuradha

This news is Content Editor Anuradha