ਲੁਧਿਆਣਾ : ਸਰਕਾਰੀ ਕਾਲਜ ਦੇ ਗੈਸਟ ਲੈਕਚਰਾਰ ਹੜਤਾਲ ''ਤੇ, ਨਹੀਂ ਲੱਗ ਰਿਹੈ ਕੋਈ ਲੈਕਚਰ

03/02/2020 4:43:54 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਸਰਕਾਰੀ ਕਾਲਜ ਦੇ ਗੈਸਟ ਲੈਕਚਰਾਰ ਸੰਕੇਤਕ ਹੜਤਾਲ 'ਤੇ ਚਲੇ ਗਏ ਹਨ। ਜਾਣਕਾਰੀ ਮੁਤਾਬਕ 50 ਦੇ ਕਰੀਬ ਗੈਸਟ ਲੈਕਚਰਾਰਾਂ ਨੂੰ ਕਾਲਜ ਪ੍ਰਸ਼ਾਸਨ ਵੱਲੋਂ ਕੱਢਣ ਦਾ ਨੋਟਿਸ ਭੇਜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਕਾਲਜ 'ਚ ਕੋਈ ਲੈਕਚਰ ਨਹੀਂ ਲੱਗ ਰਿਹਾ ਹੈ ਅਤੇ ਸਾਰੀਆਂ ਵਿਦਿਆਰਥਣਾਂ ਵੀ ਇਨ੍ਹਾਂ ਲੈਕਚਰਾਰਾਂ ਦੇ ਹੱਕ 'ਚ ਨਿੱਤਰ ਆਈਆਂ ਹਨ। ਗੈਸਟ ਲੈਕਚਰਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਉਹ ਵੀ ਵਿਦਿਆਰਥੀਆਂ ਨੂੰ ਸਿੱਖਿਆ ਤਕਸੀਮ ਕਰਨ 'ਚ ਅਹਿਮ ਯੋਗਦਾਨ ਪਾ ਰਹੇ ਹਨ।
ਗੈਸਟ ਲੈਕਚਰਾਰਾਂ ਨੇ ਕਿਹਾ ਹੈ ਕਿ ਉਹ ਬੀਤੇ ਕਈ ਸਾਲਾਂ ਤੋਂ ਕਾਲਜਾਂ ਦੇ 'ਚ ਘੱਟ ਤਨਖਾਹਾਂ ਦੇ ਬਾਵਜੂਦ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੇ ਹਨ ਪਰ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਨ੍ਹਾਂ ਨੂੰ ਹੁਣ ਧਰਨੇ 'ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਧਰ ਇਸ ਸਬੰਧੀ ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਅਤੇ ਸਵੇਰ ਤੋਂ ਕੋਈ ਵੀ ਲੈਕਚਰ ਨਹੀਂ ਲੱਗ ਰਿਹਾ, ਜਦੋਂ ਕਿ ਪ੍ਰੀਖਿਆਵਾਂ ਉਨ੍ਹਾਂ ਦੇ ਸਿਰ 'ਤੇ ਹਨ। ਵਿਦਿਆਰਥਣਾਂ ਨੇ ਲੈਕਚਰਾਰਾਂ ਨੂੰ ਸਮਰਥਨ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ। ਲੈਕਚਰਾਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾਣ।

 

Babita

This news is Content Editor Babita