ਜੀ. ਐੱਸ. ਟੀ. ਦੇ ਵਿਰੋਧ ''ਚ ਕੱਪੜਾ ਵਪਾਰੀ ਭੜਕੇ

07/01/2017 5:52:57 AM

ਸੁਲਤਾਨਪੁਰ ਲੋਧੀ, (ਧੀਰ)- ਕੇਂਦਰ ਸਰਕਾਰ ਵਲੋਂ ਸਮੂਹ ਰਾਜਾਂ 'ਚ ਇਕ ਹੀ ਟੈਕਸ ਪ੍ਰਣਾਲੀ ਜੀ. ਐੱਸ. ਟੀ. 1 ਜੁਲਾਈ ਤੋਂ ਲਾਗੂ ਕਰਨ ਤੇ ਕੱਪੜੇ ਉੱਪਰ ਲਾਏ ਗਏ ਪਹਿਲੀ ਵਾਰ ਟੈਕਸ ਦੇ ਵਿਰੋਧ 'ਚ ਪੰਜਾਬ ਭਰ 'ਚ ਕੱਪੜਾ ਵਿਕਰੇਤਾਵਾਂ ਵਲੋਂ 30 ਜੂਨ ਨੂੰ ਪੂਰਨ ਬੰਦ ਦੀ ਦਿੱਤੀ ਗਈ ਕਾਲ ਦੇ ਮੱਦੇਨਜ਼ਰ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਵੀ ਸਮੂਹ ਕੱਪੜਾ ਵਿਕਰੇਤਾਵਾਂ ਨੇ ਦੁਕਾਨਾਂ ਬੰਦ ਰੱਖਕੇ ਰੋਸ ਜ਼ਾਹਿਰ ਕੀਤਾ ਤੇ ਕੇਂਦਰ ਸਰਕਾਰ ਵਲੋਂ ਲਾਏ ਗਏ ਇਸ ਕਾਲੇ ਕਾਨੂੰਨ ਦਾ ਜਮ ਕੇ ਵਿਰੋਧ ਕੀਤਾ।  ਕੱਪੜਾ ਵਿਕਰੇਤਾ ਯੂਨੀਅਨ ਦੇ ਸਮੂਹ ਦੁਕਾਨਦਾਰ ਪ੍ਰਧਾਨ ਰਾਜ ਕੁਮਾਰ ਮਨਚੰਦਾ ਦੀ ਅਗਵਾਈ ਹੇਠ ਸਥਾਨਕ ਸ਼ਿਵ ਮੰਦਿਰ ਚੌੜਾ ਖੂਹ ਵਿਖੇ ਇਕੱਠੇ ਹੋਏ। ਦੁਕਾਨਦਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਾਜ ਕੁਮਾਰ ਮਨਚੰਦਾ ਨੇ ਕਿਹਾ ਕਿ ਕੱਪੜੇ 'ਤੇ ਜੋ ਭਾਰਤ ਸਰਕਾਰ ਵਲੋਂ ਜੀ. ਐੱਸ. ਟੀ. ਲਾਇਆ ਜਾ ਰਿਹਾ ਹੈ। ਉਹ ਅੱਜ ਤਕ ਕਿਸੇ ਵੀ ਸਰਕਾਰ ਨੇ ਨਹੀਂ ਲਾਇਆ ਹੈ, ਕਿਉਂਕਿ ਕੱਪੜਾ ਹਰ ਗਰੀਬ ਦੀ ਜ਼ਰੂਰਤ ਹੈ ਤੇ ਜੇਕਰ ਕੱਪੜੇ 'ਤੇ ਜੀ. ਐੱਸ. ਟੀ. ਲੱਗਦਾ ਹੈ ਤਾਂ ਗਰੀਬ ਲੋਕਾਂ 'ਤੇ ਇਸਦਾ ਬੋਝ ਪਵੇਗਾ। ਇਸ ਲਈ ਕੱਪੜਾ ਯੂਨੀਅਨ ਇਸ ਟੈਕਸ ਦਾ ਵਿਰੋਧ ਕਰਦੀ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਉਘੇ ਕੱਪੜਾ ਵਿਕਰੇਤਾ ਜਥੇਦਾਰ ਜੈਮਲ ਸਿੰਘ ਨੇ ਵੀ ਕੇਂਦਰ ਸਰਕਾਰ ਵਲੋਂ ਕੱਪੜੇ 'ਤੇ ਟੈਕਸ ਲਗਾਉਣ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਨਾਲ ਸਮੂਹ ਕੱਪੜਾ ਉਦਯੋਗ ਬਰਬਾਦ ਹੋ ਜਾਵੇਗਾ ਤੇ ਛੋਟੇ ਦੁਕਾਨਦਾਰ ਇਸ ਜੀ. ਐੱਸ. ਟੀ. ਦੀ ਚੱਕੀ ਪਿਸ ਜਾਣਗੇ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਇਸ ਫੈਸਲੇ ਦੇ ਵਿਰੁੱਧ ਚਲ ਕੇ ਆਵਾਜ਼ ਉਠਾਉਣ ਤੇ ਅੱਜ ਦੁਕਾਨਾਂ ਬੰਦ ਰੱਖ ਕੇ ਸਮੂਹ ਸੂਬੇ 'ਚ ਬੰਦ ਦੀ ਕਾਲ ਨੂੰ ਸਮਰਥਨ ਦੇਈਏ। ਸਮੂਹ ਦੁਕਾਨਦਾਰਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੋਦੀ ਸਰਕਾਰ ਨੇ ਆਪਣਾ ਫੈਸਲਾ ਤੁਰੰਤ ਨਾ ਬਦਲਿਆ ਤਾਂ ਇਸ ਦੇ ਵਿਰੁੱਧ ਜ਼ਬਰਦਸਤ ਸੰਘਰਸ਼ ਛੇੜਿਆ ਜਾਵੇਗਾ।   ਇਸ ਉਪਰੰਤ ਸਮੂਹ ਕੱਪੜਾ ਵਿਕਰੇਤਾ ਦੁਕਾਨਦਾਰਾਂ ਨੇ ਜੀ. ਐੱਸ. ਟੀ. ਦੇ ਵਿਰੋਧ 'ਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਐੱਸ. ਡੀ. ਐੱਮ. ਚਾਰੂਮਿਤਾ ਨੂੰ ਸ਼ਾਂਤੀਪੂਰਵਕ ਰੋਸ ਮਾਰਚ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਦੇ ਨਾਂ ਇਕ ਮੰਗ ਪੱਤਰ ਸੌਂਪਿਆ। 
ਇਸ ਮੌਕੇ ਪ੍ਰਧਾਨ ਰਾਜ ਕੁਮਾਰ ਮਨਚੰਦਾ, ਸਾਬਕਾ ਪ੍ਰਧਾਨ ਜਥੇਦਾਰ ਜੈਮਲ ਸਿੰਘ, ਸੰਜੈ ਚੋਪੜਾ, ਰਾਜੂ ਸੇਠੀ, ਸ਼ਰਨਜੀਤ ਸਿੰਘ, ਆਨੰਦ ਮੋਹਨ ਚਾਵਲਾ, ਗੁਰਵਿੰਦਰ ਸਿੰਘ, ਬਲਦੇਵ ਸਿੰਘ, ਰਮੇਸ਼ ਚੰਦਰ, ਵਰਿੰਦਰ ਪਾਲ ਸਿੰਘ, ਵਰਿੰਦਰ ਸਲਪੋਨਾ, ਸ਼ਿਵਜੀਤ ਕੁਮਾਰ, ਸੇਠ ਚੰਦ ਗੁਜਰਾਲ, ਭੂਸ਼ਨ ਮੋਗਲਾ, ਬਨਾਰਸੀ ਦਾਸ, ਜਸਵੰਤ ਸਿੰਘ, ਨਰੇਸ਼ ਕੋਹਲੀ, ਵਰਿੰਦਰ ਸਿੰਘ, ਪ੍ਰਵੀਨ ਜੈਨ, ਅਜੀਤ ਸਿੰਘ ਆਦਿ ਹਾਜ਼ਰ ਸਨ।