ਜੀ. ਐੱਸ. ਟੀ. ਦੇ ਮੁੱਦੇ ''ਤੇ ਮੁੜ ਪ੍ਰਧਾਨ ਮੰਤਰੀ ਦਫਤਰ ਤੱਕ ਪਹੁੰਚ ਕਰੇਗੀ ਸ਼੍ਰੋਮਣੀ ਕਮੇਟੀ

02/17/2018 6:51:30 AM

ਪਟਿਆਲਾ  (ਮਨਦੀਪ ਜੋਸਨ) – ਜੀ. ਐੱਸ. ਟੀ. ਦੇ ਮੁੱਦੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਦੇ ਦਫਤਰ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਐੱਸ. ਜੀ. ਪੀ. ਸੀ. ਕਾਰਜਕਾਰਨੀ ਦੀ ਮੀਟਿੰਗ 'ਚ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜੀ. ਐੱਸ. ਟੀ. ਲਾਉਣ ਦਾ ਫੈਸਲਾ ਬੇਹੱਦ ਮੰਦਭਾਗਾ ਹੈ। ਅਸੀਂ ਇਹ ਪੈਸਾ ਲੋਕ ਭਲਾਈ 'ਤੇ ਲਾ ਸਕਦੇ ਹਾਂ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਹਾਲ ਹੀ ਵਿਚ ਜੀ. ਐੱਸ. ਟੀ. ਦੇ 2 ਕਰੋੜ ਰੁਪਏ ਭਰੇ ਹਨ, ਜਿਸ ਦਾ ਚਾਰੇ ਪਾਸਿਓਂ ਤਿੱਖਾ ਵਿਰੋਧ ਹੋਇਆ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਜੀ. ਐੱਸ. ਟੀ. ਮੁੱਦਾ ਲੈ ਕੇ ਮੁੜ ਕੇਂਦਰ ਸਰਕਾਰ ਕੋਲ ਜਾਵਾਂਗੇ ਕਿ ਸ੍ਰੀ ਦਰਬਾਰ ਸਾਹਿਬ ਨੂੰ ਇਸ ਤੋਂ ਛੋਟ ਦਿੱਤੀ ਜਾਵੇ। ਇਸ ਤੋਂ ਬਾਅਦ ਫਿਰ ਅਗਲੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਤੇ ਹੋਰ ਸੂਬਿਆਂ ਵਿਚ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਤਿਆਰ ਕਰੇਗੀ।
ਇਕੱਤਰਤਾ ਦੌਰਾਨ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ, ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਸੁਰਜੀਤ ਸਿੰਘ ਗੜ੍ਹੀ, ਅੰਤ੍ਰਿੰਗ ਮੈਂਬਰਾਨ ਲਖਬੀਰ ਸਿੰਘ ਅਰਾਈਆਂਵਾਲਾ, ਨਵਤੇਜ ਸਿੰਘ ਕਾਉਣੀ, ਭਗਵੰਤ ਸਿੰਘ ਸਿਆਲਕਾ, ਗੁਰਮੀਤ ਸਿੰਘ ਬੂਹ, ਗੁਰਤੇਜ ਸਿੰਘ ਢੱਡੇ, ਰਵਿੰਦਰ ਸਿੰਘ ਚੱਕ, ਸੱਜਣ ਸਿੰਘ ਬੱਜੂਮਾਨ, ਹਰਦੇਵ ਸਿੰਘ ਰੌਂਗਲਾ, ਬਾਬਾ ਗੁਰਮੀਤ ਸਿੰਘ ਤਿਰਲੋਕੇਵਾਲਾ, ਬੀਬੀ ਗੁਰਪ੍ਰੀਤ ਕੌਰ ਰੂਹੀ, ਅਮਰੀਕ ਸਿੰਘ ਸ਼ਾਹਪੁਰ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਚੀਮਾ ਬਾਠ ਅਤੇ ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਕੇਵਲ ਸਿੰਘ, ਪ੍ਰਤਾਪ ਸਿੰਘ, ਪਰਮਜੀਤ ਸਿੰਘ ਸਰੋਆ ਸਕੱਤਰ ਤੇ ਵਿਜੇ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ, ਦਰਸ਼ਨ ਸਿੰਘ, ਸੁਖਮਿੰਦਰ ਸਿੰਘ ਐਕਸੀਅਨ, ਮੈਨੇਜਰ ਕਰਨੈਲ ਸਿੰਘ ਨਾਭਾ ਅਤੇ ਵਿਸ਼ੇਸ਼ ਤੌਰ 'ਤੇ ਸਤਬੀਰ ਸਿੰਘ ਖੱਟੜਾ ਵੀ ਹਾਜ਼ਰ ਸਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਡ ਟਰੂਡੋ ਦਾ ਹੋਵੇਗਾ ਸ਼ਾਨਦਾਰ ਸਵਾਗਤ-ਪਟਿਆਲਾ, (ਜੋਸਨ)-ਐੱਸ. ਜੀ. ਪੀ. ਸੀ. ਚੀਫ ਲੌਂਗੋਵਾਲ ਨੇ ਆਖਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਤੇ ਉਨ੍ਹਾਂ ਨਾਲ ਆ ਰਹੇ ਮੰਤਰੀ ਸਾਹਿਬਾਨ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਸਟਿਸ ਟਰੂਡੋ ਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੀ ਟੀਮ ਨਾਲ ਸਨਮਾਨ ਕਰਨਗੇ। ਸ੍ਰੀ ਟਰੂਡੋ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਲੰਗਰ ਹਾਲ ਵਿਚ ਸੇਵਾ ਵੀ ਕਰਨਗੇ।
ਕੈਨੇਡਾ ਦੇ ਮੰਤਰੀਆਂ ਦਾ ਸਨਮਾਨ ਨਾ ਕਰਨਾ ਪੰਜਾਬ ਸਰਕਾਰ ਦਾ ਅੰਦਰੂਨੀ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਕਿ ਪੰਜਾਬ ਸਰਕਾਰ ਸਿਰਫ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਡ ਟਰੂਡੋ ਦਾ ਸਨਮਾਨ ਹੀ ਕਰੇਗੀ, ਉਨ੍ਹਾਂ ਨਾਲ ਆਉਣ ਵਾਲੇ ਮੰਤਰੀਆਂ ਦਾ ਨਹੀਂ। ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਅੰਦਰੂਨੀ ਮਾਮਲਾ ਹੈ। ਅਸੀਂ ਤਾਂ ਕੈਨੇਡਾ ਤੋਂ ਆ ਰਹੀ ਸਾਰੀ ਟੀਮ ਦਾ ਸਨਮਾਨ ਕਰਾਂਗੇ।
ਬੰਗਲਾਦੇਸ਼ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਹਰ ਸਾਲ ਜਥੇ ਭੇਜੇ ਜਾਣਗੇ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਗਲਾਦੇਸ਼ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਹਰ ਸਾਲ ਸੰਗਤੀ ਜਥੇ ਭੇਜਣ ਦਾ ਫੈਸਲਾ ਕੀਤਾ ਹੈ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਦਰਭ ਵਿਚ ਇਸ ਸਾਲ 101 ਸ਼ਰਧਾਲੂਆਂ ਦਾ ਪਹਿਲਾ ਜਥਾ ਜਾਵੇਗਾ ।
ਆਨਲਾਈਨ ਕੈਮਰਿਆਂ ਰਾਹੀਂ ਹੋਵੇਗੀ ਗੁਰਦੁਆਰਿਆਂ ਦੀ ਨਿਗਰਾਨੀ
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਆਨਲਾਈਨ ਕੈਮਰਿਆਂ ਦੀ ਵਿਵਸਥਾ ਕੀਤੀ ਜਾਵੇਗੀ। ਇਸ ਵਿਧੀ ਰਾਹੀਂ ਗੁਰਦੁਆਰਾ ਸਾਹਿਬ ਦੀ ਗੋਲਕ ਗਿਣਤੀ ਅਤੇ ਸਟੋਰ ਆਦਿ ਦੀ ਆਨਲਾਈਨ ਨਿਗਰਾਨੀ ਕੀਤੀ ਜਾਵੇਗੀ। ਇਸ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਨਾਲ ਜੋੜਿਆ ਜਾਵੇਗਾ। ਵੱਖ-ਵੱਖ ਗੁਰਦੁਆਰਾ ਸਾਹਿਬਾਨ ਲਈ ਰਸਦਾਂ ਅਤੇ ਹੋਰ ਖਰੀਦਾਂ ਸਬੰਧੀ ਤਿੰਨ ਕੇਂਦਰੀ ਸਟੋਰ ਸ੍ਰੀ ਅੰਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਣਾਏ ਜਾਣਗੇ।