ਨੋਟਬੰਦੀ ਤੋਂ ਬਾਅਦ ਜੀ. ਐੱਸ. ਟੀ. ਵਰਗਾ ਫੈਸਲਾ ਬਿਲਕੁਲ ਗਲਤ : ਡਾ. ਮਨਮੋਹਨ ਸਿੰਘ

09/23/2017 7:03:11 AM

ਮੋਹਾਲੀ  (ਨਿਆਮੀਆ) - ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਭਾਰਤ ਜਿਹੇ ਸੱਭਿਅਕ ਦੇਸ਼ ਵਿਚ ਨੋਟਬੰਦੀ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਸੀ। ਨੋਟਬੰਦੀ ਕਾਰਨ ਦੇਸ਼ ਦੀ ਆਰਥਿਕਤਾ 'ਤੇ ਵੀ ਬੁਰਾ ਪ੍ਰਭਾਵ ਪਿਆ ਤੇ ਜਨਤਾ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੇਸ਼ ਦੀ ਜੀ. ਡੀ. ਪੀ. ਦਰ ਵਿਚ ਵੀ ਨੋਟਬੰਦੀ ਕਾਰਨ ਕਾਫ਼ੀ ਕਮੀ ਆਈ ਹੈ। ਡਾ. ਮਨਮੋਹਨ ਸਿੰਘ ਇੰਡੀਅਨ ਸਕੂਲ ਆਫ਼ ਬਿਜ਼ਨੈੱਸ ਵਿਚ ਲੀਡਰਸ਼ਿਪ ਸਮਿਟ ਦੌਰਾਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਨੋਟਬੰਦੀ ਕਾਰਨ ਭਾਰਤ ਦੀ ਇਕਾਨੌਮੀ ਕਾਫ਼ੀ ਥੱਲੇ ਆ ਗਈ। ਗਲੋਬਲਾਈਜ਼ੇਸ਼ਨ ਹੋਣਾ ਚਾਹੀਦਾ ਹੈ, ਜਿਸ ਦਾ ਲਾਭ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਦਾ ਲੰਬੇ ਸਮੇਂ ਵਿਚ ਕਾਫੀ ਲਾਭ ਹੁੰਦਾ ਹੈ ਪਰ ਨੋਟਬੰਦੀ ਵਰਗੇ ਫੈਸਲੇ ਤੋਂ ਤੁਰੰਤ ਬਾਅਦ ਹੀ ਜੀ. ਐੱਸ. ਟੀ. ਦਾ ਫੈਸਲਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਿਚ ਨਾਲੇਜ ਸਿਟੀ ਦੇਖਣਾ ਉਨ੍ਹਾਂ ਦਾ ਸੁਪਨਾ ਸੀ, ਕਿਉਂਕਿ ਉਨ੍ਹਾਂ ਨੇ ਹੀ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਮੋਹਾਲੀ ਨਾਲੇਜ ਸਿਟੀ ਦਾ ਨੀਂਹ ਪੱਥਰ ਰੱਖਿਆ ਸੀ। ਮੋਹਾਲੀ ਵਿਚ ਇੰਡੀਅਨ ਸਕੂਲ ਆਫ਼ ਬਿਜ਼ਨੈੱਸ ਵਰਗੀ ਸੰਸਥਾ ਸਥਾਪਿਤ ਕਰਨ ਵਿਚ ਉਨ੍ਹਾਂ ਦੇ ਦਫ਼ਤਰ ਦਾ ਵੀ ਰੋਲ ਸੀ ਤੇ ਉਹ ਅੱਜ ਦੇ ਆਈ. ਐੱਸ. ਬੀ. ਨੂੰ ਦੇਖ ਕੇ ਬਹੁਤ ਖੁਸ਼ ਹਨ।