ਕਰਿਆਨੇ ਦੀ ਹੋਲਸੇਲ ਦੁਕਾਨ ''ਚ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ

06/06/2020 11:21:48 AM

ਲਹਿਰਾਗਾਗਾ (ਗਰਗ):  ਸਥਾਨਕ ਵਾਰਡ ਨੰਬਰ 10 ਵਿਖੇ ਸਦਰ ਥਾਣਾ ਦੇ ਨਜ਼ਦੀਕ ਇਕ ਕਰਿਆਨਾ ਅਤੇ ਕਨਫੈਕਸ਼ਨਰੀ ਦੀ ਦੁਕਾਨ 'ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਅੱਗ ਦੇ ਲੱਗਣ ਕਾਰਨ ਦੁਕਾਨ 'ਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਵਿਜੇ ਕੁਮਾਰ ਪੁੱਤਰ ਰਾਮਪਾਲ ਵਾਰਡ ਨੰਬਰ 9 ਥਾਣਾ ਸਦਰ ਦੇ ਨੇੜੇ ਇਕ ਕਿਰਾਏ ਦੀ ਦੁਕਾਨ 'ਚ ਕਰਿਆਨਾ ਤੇ ਕਨਫੈਕਸ਼ਨਰੀ ਦਾ ਹੋਲਸੇਲ 'ਚ ਮਾਲ ਰੱਖ ਕੇ ਸਪਲਾਈ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ,ਪਰ ਬਦਕਿਸਮਤੀ ਨਾਲ ਉਸ ਦੀ ਦੁਕਾਨ 'ਚ ਪਿਆ ਸਾਰਾ ਮਾਲ ਅੱਗ ਦੀ ਭੇਟ ਚੜ੍ਹ ਗਿਆ। ਪੀੜਤ ਦੁਕਾਨਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਕਰੀਬ 9 ਵਜੇ ਦੁਕਾਨ ਤੇ ਆਇਆ ਤਾਂ ਸ਼ਟਰ ਖੁੱਲ੍ਹਦੇ ਹੀ ਉਸ ਨੇ ਦੇਖਿਆ ਕਿ ਦੁਕਾਨ 'ਚ ਅਗ ਲੱਗੀ ਹੋਈ ਹੈ ,ਉਸ ਨੇ ਘਬਰਾਹਟ 'ਚ ਖੁਦ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ,ਪਰ ਅਸਫਲ ਰਿਹਾ।

ਪਤਾ ਚੱਲਦੇ ਹੀ ਥਾਣਾ ਸਦਰ ਦੇ ਇੰਚਾਰਜ ਸੁਰਿੰਦਰ ਕੁਮਾਰ ਭੱਲਾ ਅਤੇ ਸਿਟੀ ਇੰਚਾਰਜ ਪ੍ਰਸ਼ੋਤਮ ਸ਼ਰਮਾ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ, ਪਰ ਜਦੋਂ ਤੱਕ ਲੋਕਾਂ ਵਲੋਂ ਅੱਗ ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਸ਼ਹਿਰ ਅੰਦਰ ਫਾਇਰ ਬ੍ਰਿਗੇਡ ਨਾ ਹੋਣ ਦੇ ਕਾਰਨ ਲੋਕ ਇਧਰੋਂ ਉਧਰੋਂ ਬਾਲਟੀਆਂ 'ਚ ਪਾਣੀ ਭਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਸਨ। ਸਾਮਾਨ ਨੂੰ ਲੱਗੀ ਅੱਗ ਬੁਝਾਉਣ ਦੇ ਚੱਕਰ 'ਚ ਪੀੜਤ ਦੁਕਾਨਦਾਰ ਵਿਜੇ ਕੁਮਾਰ ਖੁਦ ਅੱਗ ਦੀ ਚਪੇਟ ਵਿਚ ਆ ਕੇ ਜ਼ਖਮੀ ਹੋ ਗਿਆ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰ ਦਿਲਾਸਾ ਦਿੰਦੇ ਅਤੇ ਮੱਲ੍ਹਮ ਪੱਟੀ ਕਰਦੇ ਦਿਖਾਈ ਦਿੱਤੇ। ਮੌਕੇ ਤੇ ਇਕੱਠੇ ਹੋਏ ਲੋਕਾਂ 'ਚ ਨਗਰ ਕੌਂਸਲ ,ਪ੍ਰਸ਼ਾਸਨ ਤੇ ਸਰਕਾਰ ਪ੍ਰਤੀ ਪੂਰਾ ਰੋਸ ਦਿਖਾਈ ਦੇ ਰਿਹਾ ਸੀ। ਲੋਕਾਂ ਦਾ ਕਹਿਣਾ ਸੀ ਜੇਕਰ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਹੁੰਦੀ ਤਾਂ ਲੱਖਾਂ ਰੁਪਏ ਦਾ ਨੁਕਸਾਨ ਹੋਣੋ ਬਚ ਜਾਣਾ ਸੀ।    

         

 ਸਰਕਾਰ ਮੁਆਵਜ਼ੇ ਦਾ ਐਲਾਨ ਕਰੇ: ਸਿੰਗਲਾ                                
ਸ਼ਹਿਰ ਅੰਦਰ ਵਾਪਰ ਰਹੀਆਂ ਅੱਗ ਦੀਆਂ ਘਟਨਾਵਾਂ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਵਿਨੋਦ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦੁਕਾਨਦਾਰਾਂ ਦੇ  ਹਿੱਤਾਂ ਦੀ ਰਾਖੀ ਲਈ ਦੁਕਾਨਦਾਰਾਂ ਵਾਸਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਹੋਣ ਤੇ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਸੂਬੇ ਅੰਦਰ ਦੁਕਾਨਦਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਬ ਡਵੀਜ਼ਨ ਲਹਿਰਾਗਾਗਾ ਅੰਦਰ ਫਾਇਰ ਬ੍ਰਿਗੇਡ ਸਥਾਪਤ ਕੀਤਾ ਜਾਵੇ ਤਾਂ ਜੋ ਸਮੇਂ-ਸਮੇਂ ਤੇ ਅੱਗ ਨਾਲ ਹੋਣ ਵਾਲੇ ਨੁਕਸਾਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਵੱਖ-ਵੱਖ ਵਰਗਾਂ ਲਈ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਲਈ ਮੁਆਵਜ਼ੇ ਦਾ ਐਲਾਨ ਕੀਤਾ ਜਾਂਦਾ ਹੈ, ਸਿਰਫ ਦੁਕਾਨਦਾਰ ਹੀ ਇੱਕ ਅਜਿਹਾ ਵਰਗ ਹੈ ਜਿਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਹੋਣ ਤੇ ਸਰਕਾਰ ਵਲੋਂ ਕੋਈ ਮਦਦ ਨਹੀਂ ਦਿੱਤੀ ਜਾਂਦੀ ,ਜੋ ਕਿ ਦੁਕਾਨਦਾਰਾਂ ਨਾਲ ਵਿਤਕਰਾ ਹੈ। ਇਸ ਸਬੰਧੀ ਜਲਦੀ ਹੀ ਸਮੂਹ ਦੁਕਾਨਦਾਰ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਣੇ ਹਿੱਤਾਂ ਅਤੇ ਮੰਗਾਂ ਲਈ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।

Shyna

This news is Content Editor Shyna