ਜਲੰਧਰ ਥਾਣੇ 'ਚ ਗ੍ਰੈਨੇਡ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਕਾਬੂ

03/07/2019 1:46:53 AM

ਜਲੰਧਰ—ਮਕਸੂਦਾਂ ਥਾਣੇ 'ਚ ਸੁੱਟੇ ਗਏ ਗ੍ਰੇਨੇਡ ਨੂੰ ਮੁਹੱਈਆ ਕਰਵਾਉਣ ਵਾਲੇ ਅੱਤਵਾਦੀ ਨੂੰ ਐੱਨ. ਆਈ. ਏ. ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ 'ਚ ਅੱਤਵਾਦੀ ਨੇ ਕਬੂਲਿਆ ਕਿ ਥਾਣੇ 'ਚ ਗ੍ਰੇਨੇਡ ਹਮਲਾ ਕਰਨ ਲਈ ਆਕਾ ਜਾਕਿਰ ਮੂਸਾ ਨੇ ਹੀ ਗ੍ਰੇਨੇਡ ਪਹੁੰਚਾਉਣ ਲਈ ਕਿਹਾ ਸੀ।
ਐੱਨ. ਆਈ. ਏ. ਦੀ ਟੀਮ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅੰਸਾਰ ਗਜਵਤ ਉਲ ਹਿੰਦ ਦੇ ਅੱਤਵਾਦੀ ਅਮੀਰ ਨਜੀਰ ਦੀ ਜਲੰਧਰ ਪੁਲਸ ਨੂੰ ਵੀ ਭਾਲ ਸੀ। ਸੂਤਰਾਂ ਦੀ ਮੰਨੀਏ ਤਾਂ ਪੁਲਵਾਮਾ ਦੇ ਰਹਿਣ ਵਾਲੇ ਨਜੀਰ ਨੇ ਹੀ 4 ਗ੍ਰੇਨੇਡ ਅੱਤਵਾਦੀ ਜਾਕਿਰ ਮੂਸਾ ਦੇ ਕਹਿਣ 'ਤੇ ਜਲੰਧਰ ਭੇਜੇ ਸਨ। ਮਕਸੂਦਾਂ ਥਾਣੇ 'ਚ ਹੋਏ ਗ੍ਰੇਨੇਡ ਹਮਲੇ ਨੂੰ ਲੈ ਕੇ ਹਿਜਬੁਲ ਮੁਜਾਹਉਦੀਨ ਦੇ 2 ਅੱਤਵਾਦੀ ਗ੍ਰਿਫਤਾਰ ਹੋ ਚੁਕੇ ਹਨ। ਇਸ ਮੁਲਜ਼ਮ ਦੀ ਜਲੰਧਰ ਪੁਲਸ ਵੀ ਭਾਲ ਕਰ ਰਹੀ ਸੀ ਪਰ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲਗ ਸਕਿਆ। ਜਲਦ ਹੀ ਅੱਤਵਾਦੀ ਨਜੀਰ ਨੂੰ ਜਲੰਧਰ ਪੁਲਸ ਪੁੱਛਗਿੱਛ ਲਈ ਲਿਆ ਸਕਦੀ ਹੈ।
ਸਿਰਫ ਗ੍ਰੇਨੇਡ ਪਹੁੰਚਾਉਣ ਦਾ ਸੀ ਕੰਮ
ਪੁੱਛਗਿੱਛ 'ਚ ਅੱਤਵਾਦੀ ਨਜੀਰ ਨੇ ਦੱਸਿਆ ਕਿ ਖੁੰਖਾਰ ਅੱਤਵਾਦੀ ਜਾਕਿਰ ਮੂਸਾ ਨੇ ਉਸ ਨੂੰ ਕੁਝ ਲੋਕਾਂ ਨੂੰ ਗ੍ਰੇਨੇਡ ਪਹੁੰਚਾਉਣ ਦਾ ਕੰਮ ਦਿੱਤਾ ਸੀ। ਉਸ ਨੇ ਜਲੰਧਰ 'ਚ ਪਹੁੰਚ ਕੇ ਫਾਜਿਲ ਤੇ ਸ਼ਾਹਿਦ ਸਮੇਤ ਹੋਰਾਂ ਨੂੰ ਗ੍ਰੇਨੇਡ ਸੌਂਪੇ। ਫਾਜਿਲ ਬਸ਼ੀਰ ਤੇ ਸ਼ਾਹਿਦ ਕਿਊਮ ਵਾਸੀ ਅਵੰਤੀਪੁਰਾ ਨੂੰ ਪੁਲਸ ਗ੍ਰਿਫਤਾਰ ਕਰ ਚੁਕੀ ਹੈ। ਇਨ੍ਹਾਂ ਲੋਕਾਂ ਨੂੰ ਗ੍ਰੇਨੇਡ ਸਪਲਾਈ ਕੀਤੇ ਗਏ ਤੇ ਉਪਰੰਤ ਇਨ੍ਹਾਂ ਲੋਕਾਂ ਨੇ ਥਾਣਾ ਮਕਸੂਦਾਂ 'ਚ ਧਮਾਕੇ ਕੀਤੇ। ਇਸ ਕੇਸ 'ਚ ਸ਼ਾਮਲ ਕੁਝ ਅੱਤਵਾਦੀਅਾਂ ਨੂੰ ਆਰਮੀ ਮੌਤ ਦੇ ਘਾਟ ਵੀ ਉਤਾਰ ਚੁਕੀ ਹੈ।