ਮਸਾਜ ਪਾਰਲਰ 'ਚ ਚੱਲ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ, ਪੁਲਸ ਨੇ ਮਾਰਿਆ ਛਾਪਾ (ਵੀਡੀਓ)

12/03/2019 5:08:01 PM

ਜਲੰਧਰ (ਕਮਲੇਸ਼, ਜ. ਬ.)— ਸਪਾ ਦੀ ਆੜ 'ਚ ਜਲੰਧਰ 'ਚ ਚੱਲ ਰਹੇ ਜਿਸਮ-ਫਿਰੋਸ਼ੀ ਦੇ ਧੰਦੇ ਨੂੰ 'ਜਗ ਬਾਣੀ' ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਜਲੰਧਰ ਪੁਲਸ ਹਰਕਤ 'ਚ ਆਈ ਹੈ। ਸੂਰਿਆ ਐਨਕਲੇਵ ਪੁਲਸ ਨੇ ਗ੍ਰੈਂਡ ਬਿਊਟੀ ਨਾਂ ਨਾਲ ਚੱਲ ਰਹੇ ਮਸਾਜ ਪਾਰਲਰ 'ਚ ਰੇਡ ਕਰਕੇ 4 ਨੌਜਵਾਨਾਂ ਅਤੇ 4 ਕੁੜੀਆਂ ਨੂੰ ਹਿਰਾਸਤ 'ਚ ਲਿਆ ਹੈ, ਜਿਨ੍ਹਾਂ 'ਚ ਇਕ ਵਿਅਕਤੀ ਮਸਾਜ ਪਾਰਲਰ ਦਾ ਮਾਲਕ ਦੱਸਿਆ ਜਾ ਰਿਹਾ ਹੈ। ਐੱਸ. ਐੱਚ. ਓ. ਸੁਲੱਖਣ ਸਿੰਘ ਨੇ ਕਿਹਾ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਸਾਜ ਪਾਰਲਰ ਦੀ ਆੜ 'ਚ ਗ੍ਰੈਂਡ ਬਿਊਟੀ 'ਚ ਗਲਤ ਕੰਮ ਚੱਲ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਰੇਡ ਕਰਕੇ ਪਾਰਲਰ 'ਚ ਆਏ ਗਾਹਕਾਂ ਅਤੇ ਕੁੜੀਆਂ ਸਣੇ ਪਾਰਲਰ ਦੇ ਮਾਲਕ ਅਤੇ ਮੈਨੇਜਰ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਸ਼ਹਿਰ 'ਚ ਹੋਰ ਜਗ੍ਹਾ ਵੀ ਚੱਲਦਾ ਹੈ ਸਪਾ
ਸੂਤਰਾਂ ਦੀ ਮੰਨੀਏ ਤਾਂ ਜਿਸ ਮਸਾਜ ਪਾਰਲਰ 'ਚ ਪੁਲਸ ਨੇ ਰੇਡ ਕੀਤੀ ਹੈ, ਉਸ ਦੀ ਇਕ ਹੋਰ ਬ੍ਰਾਂਚ ਵੀ ਸ਼ਹਿਰ 'ਚ ਚੱਲਦੀ ਹੈ। ਉਕਤ ਦੋਵੇਂ ਬ੍ਰਾਂਚਾਂ ਕਾਫੀ ਸਮੇਂ ਤੋਂ ਸ਼ਹਿਰ 'ਚ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਪੁਲਸ ਦੀਆਂ ਨਜ਼ਰਾਂ ਹੋਰ ਮਸਾਜ ਪਾਰਲਰਾਂ 'ਤੇ ਵੀ ਟਿਕੀਆਂ ਹਨ। ਪੁਲਸ ਜਲਦੀ ਅਜਿਹੇ ਮਾਮਲਿਆਂ 'ਚ ਵੱਡੀ ਕਾਰਵਾਈ ਕਰ ਸਕਦੀ ਹੈ।

ਪੇਅ-ਟੀ ਐੱਮ ਤੋਂ ਵੀ ਹੋ ਜਾਂਦੀ ਹੈ ਮਸਾਜ ਬੁੱਕ
ਸੂਤਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ 'ਚ ਸ਼ਹਿਰ 'ਚ ਚੱਲ ਰਹੇ ਕਈ ਮਸਾਜ ਪਾਰਲਰ ਪੇਅ-ਟੀ ਐੱਮ 'ਤੇ ਵੀ ਐਕਟਿਵ ਹਨ ਅਤੇ ਪੇ-ਟੀ ਐੱਮ ਦੇ ਜ਼ਰੀਏ ਵੀ ਆਪਣੇ ਗਾਹਕਾਂ ਨੂੰ ਲੁਭਾਉਂਦੇ ਹਨ। ਇਸ ਤੋਂ ਇਲਾਵਾ ਜਲੰਧਰ ਦੇ ਲੋਕਾਂ ਦਾ ਡਾਟਾ ਕੁਲੈਕਟ ਕਰਕੇ ਉਨ੍ਹਾਂ ਦੇ ਮੋਬਾਇਲ 'ਤੇ ਕਾਲਿੰਗ ਅਤੇ ਟੈਕਸਟ ਮੈਸੇਜ ਭੇਜ ਕੇ ਗਾਹਕਾਂ ਨੂੰ ਲੁਭਾਇਆ ਜਾਣਾ ਆਮ ਗੱਲ ਹੋ ਗਈ ਹੈ। ਸ਼ਹਿਰ 'ਚ ਚਰਚਾ ਬਣੀ ਹੋਈ ਹੈ ਕਿ ਪੁਲਸ ਦੀ ਇਸ ਕਾਰਵਾਈ ਨਾਲ ਮਸਾਜ ਪਾਰਲਰ ਦੇ ਨਾਂ 'ਤੇ ਜਿਸਮ-ਫਿਰੋਸ਼ੀ ਦਾ ਧੰਦਾ ਕਰਨ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਗਏ ਹਨ।
ਸੂਤਰਾਂ ਦੀ ਮੰਨੀਏ ਤਾਂ ਕਈ ਮਾਮਲਿਆਂ 'ਚ ਕੁੜੀਆਂ ਨੂੰ ਦੇਹ ਵਪਾਰ ਕਰਨ ਲਈ ਮਜਬੂਰ ਵੀ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਨਰਕ 'ਚ ਧੱਕ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਲੜਕੀਆਂ ਨੂੰ ਵੀ ਇਸ ਧੰਦੇ ਵਿਚ ਉਤਾਰਨ ਲਈ ਕਿਹਾ ਜਾਂਦਾ ਹੈ। ਪੁਲਸ ਇਸ ਮਾਮਲੇ ਵਿਚ ਡੂੰਘਾਈ ਨਾਲ ਪੁੱਛਗਿਛ ਕਰ ਰਹੀ ਹੈ ਕਿ ਕਿਤੇ ਲੜਕੀਆਂ ਨੂੰ ਦੇਹ ਵਪਾਰ ਕਰਨ ਲਈ ਕਿਸੇ ਨੇ ਜ਼ਬਰਦਸਤੀ ਤਾਂ ਨਹੀਂ ਕੀਤੀ।

ਗਲਤ ਕੰਮ ਨੂੰ ਖਤਮ ਕਰਨ ਲਈ ਪੁਲਸ ਪ੍ਰਤੀਬੱਧ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਸ਼ਹਿਰ 'ਚ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਸ ਕ੍ਰਾਈਮ ਨੂੰ ਖਤਮ ਕਰਨ ਲਈ ਪ੍ਰਤੀਬੱਧ ਹੈ ਅਤੇ ਭਵਿੱਖ 'ਚ ਵੀ ਪੁਲਸ ਦੀ ਅਜਿਹੀ ਕਾਰਵਾਈ ਜਾਰੀ ਰਹੇਗੀ।

shivani attri

This news is Content Editor shivani attri