ਪ੍ਰਸ਼ਾਸਨਿਕ ਦਾਅਵਿਆਂ ਦੀ ਨਿਕਲੀ ਹਵਾ : ਮੰਡੀਆਂ ’ਚ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਕਿਸਾਨ

04/13/2021 11:56:54 AM

ਲੁਧਿਆਣਾ (ਖੁਰਾਣਾ) : ਅਨਾਜ ਮੰਡੀਆਂ ’ਚ ਕਣਕ ਦੀ ਖਰੀਦ ਮਾਮਲੇ ਵਿਚ ਕਿਸਾਨਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਬਹਾਦਰ ਕੇ ਰੋਡ ਨੇੜੇ ਪੈਂਦੀ ਦਾਣਾ ਮੰਡੀ ਦੇ ਹਾਲਾਤ ਤਾਂ ਇਸ ਕਦਰ ਤਰਸਯੋਗ ਬਣੇ ਹੋਏ ਹਨ ਕਿ ਇੱਥੇ ਕਿਸਾਨਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਤਰਸਣਾ ਪੈ ਰਿਹਾ ਹੈ। ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਸਕੱਤਰ ਮਾਰਕਿਟ ਕਮੇਟੀ ਟੇਕ ਬਹਾਦਰ ਸਿੰਘ ਕਿਸਾਨਾਂ ਨੂੰ ਪੇਸ਼ ਆਉਣ ਵਾਲੀਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਅਣਜਾਣ ਬਣੇ ਬੈਠੇ ਹਨ।

ਅਜਿਹੇ ਵਿਚ ਸਕੱਤਰ ਦੀ ਲਾਪਰਵਾਹੀ ਦਾ ਖਮਿਆਜ਼ਾ ਕਿਸਾਨ ਭਾਈਚਾਰੇ ਨੂੰ ਭੁਗਤਣਾ ਪੈ ਰਿਹਾ ਹੈ। ਮੰਡੀ ਵਿਚ ਜਗ੍ਹਾ-ਜਗ੍ਹਾ ਲੱਗੇ ਗੰਦਗੀ ਦੇ ਢੇਰ ਕੈਪਟਨ ਸਰਕਾਰ ਦੇ ਦਾਅਵਿਆਂ ਦਾ ਮਜ਼ਾਕ ਉਡਾ ਰਹੇ ਹਨ, ਨਾਲ ਹੀ ਕਿਸਾਨ ਅਤੇ ਆੜ੍ਹਤੀ ਭਾਈਚਾਰਾ ਕੋਰੋਨਾ ਦੇ ਵਧਦੇ ਕਹਿਰ ਨੂੰ ਲੈ ਕੇ ਬੁਰੀ ਤਰ੍ਹਾਂ ਭੈਭੀਤ ਹੈ। ਮੰਡੀ ਵਿਚ ਆਪਣੀ ਫਸਲ ਲੈ ਕੇ ਪੁੱਜੇ ਪਿੰਡ ਵਲੀਪੁਰ ਦੇ ਕਿਸਾਨ ਹਰਬੰਸ ਸਿੰਘ ਅਤੇ ਵਲੀ ਗੁੱਜਰਾਂ ਦੇ ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰੀ ਦਾਅਵਿਆਂ ਮੁਤਾਬਕ ਮੰਡੀ ’ਚ ਆਉਣ ਵਾਲੇ ਹਰ ਕਿਸਾਨ ਦਾ ਕੋਰੋਨਾ ਟੈਸਟ ਅਤੇ ਸੈਨੇਟਾਈਜ਼ੇਸ਼ਨ ਆਦਿ ਨਿਯਮਾਂ ਦੀ ਸਖ਼ਤੀ ਨਾਲ ਪਾਲਾਣਾ ਕੀਤੀ ਜਾਵੇਗੀ ਪਰ ਮੰਡੀ ਵਿਚ ਤਾਂ ਜ਼ਮੀਨੀ ਹਕੀਕਤ ਦਾਅਵਿਆਂ ਦੇ ਬਿਲਕੁਲ ਉਲਟ ਬਣੀ ਹੋਈ ਹੈ।
 

Babita

This news is Content Editor Babita