ਸਰਕਾਰ ਆੜ੍ਹਤੀਆਂ ਤੇ ਮਜ਼ਦੂਰਾਂ ਦੇ ਕਰਫਿਊ ਪਾਸ ਪਹਿਲਾਂ ਜਾਰੀ ਕਰੇ : ਚੀਮਾ

04/08/2020 1:30:38 AM

ਚੰਡੀਗੜ੍ਹ, (ਰਮਨਜੀਤ)- ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਖ਼ਰੀਦ ਲਈ ਕਿਸਾਨਾਂ ਦੇ ਕਰਫਿਊ ਪਾਸ ਬਣਾਉਣ ਤੋਂ ਪਹਿਲਾਂ ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਪਾਸ ਬਣਾਉਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਜੇਕਰ 15 ਅਪ੍ਰੈਲ ਨੂੰ ਸਰਕਾਰ ਖਰੀਦ ਕਰਨਾ ਚਾਹੁੰਦੀ ਹੈ ਤਾਂ ਆੜ੍ਹਤੀਆਂ ਨੂੰ ਆਪਣੇ ਪ੍ਰਬੰਧ ਕਰਨ ਵਾਸਤੇ 10 ਅਪ੍ਰੈਲ ਨੂੰ ਪਾਸ ਚਾਹੀਦੇ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਰ ਕੇ ਆੜ੍ਹਤੀਆਂ ਨੂੰ ਪਿੰਡਾਂ ਵਿਚ ਘੁੰਮ ਕੇ ਪੰਜਾਬੀ ਲੇਬਰ ਤਿਆਰ ਕਰਨੀ ਪਏਗੀ। ਮਨਰੇਗਾ ਮਜ਼ਦੂਰਾਂ ਬਾਰੇ ਜੋ ਸਰਕਾਰ ਵਿਚਾਰ ਕਰ ਰਹੀ ਹੈ, ਮੰਡੀਆਂ ਵਿਚ ਇਹ ਲੇਬਰ ਕੰਮ ਨਹੀਂ ਕਰ ਸਕੇਗੀ ਕਿਉਂਕਿ ਇਸ ਲੇਬਰ ਵਿਚ ਜ਼ਿਆਦਾਤਰ ਵਡੇਰੀ ਉਮਰ ਦੇ ਆਦਮੀ ਅਤੇ ਜ਼ਿਆਦਾ ਔਰਤਾਂ ਹਨ, ਜੋ ਮੰਡੀਆਂ ਵਿਚ 50 ਕਿੱਲੋ ਦੀ ਬੋਰੀ ਦੀ ਹੈਂਡਲਿੰਗ ਨਹੀਂ ਕਰ ਸਕਣਗੇ, ਇਸ ਲਈ ਹੁਣ ਤੋਂ ਹੀ ਆੜ੍ਹਤੀਆਂ ਨੂੰ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੇਬਰ ਦੇ ਪ੍ਰਬੰਧ ਅਤੇ ਪਿੜਾਂ ਦੀ ਸਫ਼ਾਈ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਆਰਜ਼ੀ ਕੁਨੈਕਸ਼ਨ ਕਰਵਾਉਣ ਲਈ ਵੀ ਬਿਜਲੀ ਦਫ਼ਤਰਾਂ ਵਿਚ ਹਫਤਾ ਪਹਿਲਾਂ ਅਰਜ਼ੀਆਂ ਦੇਣੀਆਂ ਪੈਣਗੀਆਂ ਨਹੀਂ ਤਾਂ 15 ਅਪ੍ਰੈਲ ਨੂੰ ਕੰਮ ਨਹੀਂ ਚੱਲ ਸਕੇਗਾ। ਚੀਮਾ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਪੰਜਾਬ ਬਿਜਲੀ ਨਿਗਮ ਨੂੰ ਹਦਾਇਤ ਕੀਤੀ ਜਾਵੇ ਕਿ ਪਿਛਲੇ ਸੀਜ਼ਨਾਂ ਵਿਚ ਲਏ ਸਾਰੇ ਆਰਜ਼ੀ ਕੁਨੈਕਸ਼ਨ ਰਿਨਿਊ ਕਰ ਦਿੱਤੇ ਜਾਣ ਅਤੇ ਇਕ ਆੜ੍ਹਤੀ ਨੂੰ ਇਕ ਮੁਨੀਮ ਅਤੇ 10-10 ਮਜ਼ਦੂਰਾਂ ਦੇ ਦੋ ਮਹੀਨੇ ਲਈ ਪੱਕੇ ਪਾਸ ਜਾਰੀ ਕੀਤੇ ਜਾਣ। ਚੀਮਾ ਨੇ ਆੜ੍ਹਤੀਆਂ ਦੀ ਪਿਛਲੇ ਸੀਜ਼ਨ ਦੀ ਝੋਨੇ ਦੀ ਬਕਾਇਆ ਆੜ੍ਹਤ ਅਤੇ ਮਜ਼ਦੂਰਾਂ ਦੀ ਮਜ਼ਦੂਰੀ ਨਾ ਮਿਲਣ ਸਬੰਧੀ ਮੁੱਖ ਮੰਤਰੀ ਦਫ਼ਤਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਗੰਭੀਰ ਸੰਕਟ ਵਿਚ ਆੜ੍ਹਤੀ ਸਰਕਾਰ ਨੂੰ ਕਿਸੇ ਮਸਲੇ ਵਿਚ ਉਲਝਾਉਣਾ ਨਹੀਂ ਚਾਹੁੰਦੇ ਪਰ ਖੁਰਾਕ ਵਿਭਾਗ ਕੋਲ ਇਸਦੇ ਲਈ ਰਕਮ ਨਹੀਂ, ਇਸ ਲਈ ਪੰਜਾਬ ਸਰਕਾਰ ਆਪਣੇ ਖ਼ਜ਼ਾਨੇ ਵਿਚੋਂ ਇਹ ਰਕਮ ਜਾਰੀ ਕਰੇ।

Bharat Thapa

This news is Content Editor Bharat Thapa