ਸਰਕਾਰੀ ਦਫਤਰਾਂ ''ਚ ''ਮੁਲਾਜ਼ਮਾਂ'' ਦੀ ਭਾਰੀ ਕਮੀ, ਚਾਹ-ਪਾਣੀ ਪੀਣਾ ਵੀ ਔਖਾ

03/26/2019 3:14:28 PM

ਮੋਹਾਲੀ : ਲੋਕ ਸਭਾ ਚੋਣਾਂ ਦੇ ਚੱਲਦਿਆਂ ਚੋਣ ਡਿਊਟੀਆਂ ਕਾਰਨ ਜ਼ਿਲੇ ਦੇ ਸਰਕਾਰੀ ਦਫਤਰਾਂ 'ਚ ਇਨ੍ਹੀਂ ਦਿਨੀਂ ਮੁਲਾਜ਼ਮਾਂ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ। ਚੋਣ ਡਿਊਟੀਆਂ ਕਾਰਨ ਚੌਥਾ ਦਰਜਾ ਮੁਲਾਜ਼ਮਾਂ ਤੋਂ ਲੈ ਕੇ ਉੱਚ ਅਧਿਕਾਰੀ ਵੀ ਰੁੱਝੇ ਹੋਏ ਹਨ, ਜਿਸ ਕਾਰਨ ਚਾਹ ਅਤੇ ਪਾਣੀ ਪੀਣਾ ਵੀ ਮੁਲਾਜ਼ਮਾਂ ਲਈ ਔਖਾ ਹੋਇਆ ਪਿਆ ਹੈ। ਜ਼ਿਲੇ ਦੇ ਲਗਭਗ ਸਾਰੇ ਵਿਭਾਗਾਂ ਤੋਂ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਕਈ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਚੋਣ ਡਿਊਟੀ ਤੋਂ ਆਪਣਾ ਨਾਂ ਕਟਵਾਉਣ ਲਈ ਜੁਗਾੜ ਲਾ ਰਹੇ ਹਨ।

ਮੋਹਾਲੀ ਦੇ ਗਮਾਡਾ ਤੋਂ ਲੈ ਕੇ ਪੰਚਾਇਤ ਭਵਨ, ਜੰਗਲਾਤ ਵਿਭਾਗ ਅਤੇ ਕਈ ਹੋਰ ਵਿਭਾਗਾਂ ਤੋਂ ਮੁਲਾਜ਼ਮਾਂ ਦੀ ਚੋਣ ਡਿਊਟੀ ਲਾਈ ਗਈ ਹੈ, ਜਿਸ ਕਾਰਨ ਰੂਟੀਨ ਦੇ ਕੰਮਾਂ 'ਤੇ ਵੀ ਅਸਰ ਪੈ ਰਿਹਾ ਹੈ ਕਿਉਂਕਿ ਡੀਲਿੰਗ ਕਲਰਕ ਚੋਣ ਡਿਊਟੀ 'ਤੇ ਜਾਣ ਕਾਰਨ ਲੋਕਾਂ ਨੂੰ ਚੋਣਾਂ ਤੋਂ ਬਾਅਦ ਆਪਣਾ ਕੰਮ ਕਰਵਾਉਣ ਲਈ ਕਹਿ ਰਹੇ ਹਨ। ਜ਼ਿਲਾ ਚੋਣ ਅਧਿਕਾਰੀਆਂ ਨੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ ਕਿਸੇ ਵੀ ਸੂਰਤ 'ਚ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 

Babita

This news is Content Editor Babita