ਅਰੁਣਾ ਚੌਧਰੀ ਨੇ ਕੀਤਾ ਐਲਾਨ, ਹੁਣ ਸਕੂਲ ਮੁਖੀ ਕਰ ਸਕਣਗੇ ਵਿਦਿਆਰਥੀ ਅਤੇ ਮਾਪਿਆਂ ਦੇ ਨਾਂ ''ਚ ਤਬਦੀਲੀ

08/17/2017 9:47:35 PM

ਚੰਡੀਗੜ੍ਹ (ਬਿਊਰੋ)—ਪੰਜਾਬ ਸਰਕਾਰ ਨੇ ਸੂਬੇ ਦੇ ਵਿਦਿਆਰਥੀਆਂ ਪੱਖੀ ਇਕ ਅਹਿਮ ਫੈਸਲਾ ਲੈਂਦਿਆਂ ਪਹਿਲੀ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਂ ਵਿਚ ਤਬਦੀਲੀ ਜਾਂ ਸੋਧ ਕਰਨ ਦੀਆਂ ਸ਼ਕਤੀਆਂ ਸਕੂਲ ਮੁਖੀਆਂ ਨੂੰ ਸੌਂਪ ਦਿੱਤੀਆਂ ਹਨ। ਇਹ ਐਲਾਨ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈੱਸ ਬਿਆਨ ਵਿਚ ਕੀਤਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀ ਅਤੇ ਅਧਿਆਪਕ ਪੱਖੀ ਫੈਸਲੇ ਲੈਂਦਿਆਂ ਵਧੇਰੇ ਸ਼ਕਤੀਆਂ ਹੇਠਲੇ ਪੱਧਰ 'ਤੇ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਵੀ ਵਿਦਿਆਰਥੀ ਜਾਂ ਅਧਿਆਪਕ ਨੂੰ ਕੰਮ ਕਰਵਾਉਣ ਲਈ ਮੁੱਖ ਦਫਤਰ ਦੇ ਗੇੜੇ ਨਾ ਲਾਉਣੇ ਪੈਣ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਿਛਲੇ ਸਮੇਂ ਵਿਚ ਅਧਿਆਪਕਾਂ ਦੇ ਹਿੱਤ ਵਿਚ ਕਈ ਫੈਸਲੇ ਲੈਣ ਤੋਂ ਬਾਅਦ ਹੁਣ ਇਕ ਹੋਰ ਅਹਿਮ ਫੈਸਲਾ ਕੀਤਾ ਗਿਆ ਹੈ ਕਿ ਪਹਿਲੀ ਤੋਂ ਨੌਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਮਾਪਿਆਂ ਦੇ ਨਾਂ ਦੀ ਤਬਦੀਲੀ ਜਾਂ ਸੋਧ ਸਬੰਧਤ ਦਸਤਾਵੇਜ਼/ਰਿਕਾਰਡ ਪ੍ਰਾਪਤ ਕਰਨ ਉਪਰੰਤ ਰਿਕਾਰਡ 'ਚ ਸੋਧ ਸਬੰਧਤ ਸਕੂਲ ਦੇ ਮੁਖੀ ਆਪਣੇ ਪੱਧਰ 'ਤੇ ਕਰ ਸਕਦਾ ਹੈ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੋਧ ਸਬੰਧੀ ਸਕੂਲ ਦਾ ਦਾਖਲਾ ਖਾਰਿਜ ਰਜਿਸਟਰ ਜ਼ਿਲਾ ਸਿੱਖਿਆ ਅਫਸਰ ਜਾਂ ਮੈਨੇਜਰ ਖੇਤਰੀ ਦਫਤਰ ਤੋਂ ਕਾਊਂਟਰ ਸਾਈਨ ਕਰਵਾਉਣ ਦੀ ਵੀ ਲੋੜ ਨਹੀਂ। ਵਿਭਾਗ ਦੇ ਸਕੱਤਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਫੈਸਲੇ ਦੀ ਪਾਲਣਾ ਲਈ ਸਾਰੇ ਜ਼ਿਲਾ ਸਿੱਖਿਆ ਦਫਤਰ ਅਤੇ ਬੋਰਡ ਦੇ ਖੇਤਰੀ ਦਫਤਰਾਂ ਦੇ ਜ਼ਿਲਾ ਮੈਨੇਜਰਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ।