ਸੀਵਰੇਜ ਦੀਆਂ ਪਾਈਪਾਂ ਲੀਕ ਹੋਣ ਕਾਰਨ ਵਾਰਡ ਨੇ ਧਾਰਿਆ ਤਲਾਅ ਦਾ ਰੂਪ

07/14/2020 2:20:45 PM

ਬੁਢਲਾਡਾ (ਮਨਜੀਤ) : ਪੰਜਾਬ ਸਰਕਾਰ ਵੱਲੋਂ ਗੰਦੇ ਪਾਣੀ ਦੀ ਸ਼ੁੱਧਤਾ ਲਈ ਲਾਏ ਗਏ ਟ੍ਰੀਟਮੈਂਟ ਪਲਾਂਟ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਸਮੱਸਿਆਵਾਂ ਖੜ੍ਹੀਆਂ ਕਰ ਰਿਹਾ ਹੈ। ਸ਼ਹਿਰ ਬੁਢਲਾਡਾ ਵਿਚ ਲੱਗੇ ਟ੍ਰੀਟਮੈਂਟ ਪਲਾਂਟ ਵਿਚ ਸ਼ਹਿਰ ਦਾ ਪਾਣੀ ਪੈਂਦਾ ਹੈ ਅਤੇ ਪਹਿਲਾਂ ਹੀ ਪਾਣੀ ਦੀ ਨਿਕਾਸੀ ਲਈ ਪਾਈਆਂ ਪਾਈਪਾਂ ਦੀ ਸਮਰੱਥਾ ਘੱਟ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਾਲ ਹੀ ਬੁਢਲਾਡਾ ਪਿੰਡ ਦਾ ਗੰਦਾ ਪਾਣੀ ਵੀ ਇਸ ਟ੍ਰੀਟਮੈਂਟ ਪਲਾਂਟ ਵਿੱ ਆਉਣ ਲੱਗ ਗਿਆ ਹੈ। ਜਿਸ ਨਾਲ ਪਾਣੀ ਦੁੱਗਣਾ ਹੋ ਗਿਆ ਹੈ ਅਤੇ ਬੁਢਲਾਡਾ ਤੋਂ ਵਾਇਆ ਅਹਿਮਦਪੁਰ ਡਰੇਨ ਲਗਭਗ 5 ਕਿ:ਮੀ: ਪਾਈਪਾਂ ਵਿਚ ਪਰੈਸ਼ਰ ਵਧਣ ਕਾਰਨ ਪਾਈਪਾਂ ਥਾਂ-ਥਾਂ ਤੋਂ ਲੀਕ ਹੋ ਚੁੱਕੀਆਂ ਹਨ ਅਤੇ ਗੰਦਾ ਪਾਣੀ ਦੀ ਲੀਕੇਜ ਸੜਕਾਂ ਦੇ ਕਿਨਾਰੇ ਆਮ ਦੇਖਣ ਨੂੰ ਮਿਲਦੀ ਹੈ। ਉੱਥੇ ਹੀ ਸ਼ਹਿਰ ਦੇ ਵਾਰਡ ਨੰ: 18 ਵਿਚ ਜ਼ਿਆਦਾ ਪਾਈਪਾਂ ਲੀਕ ਹੋਣ ਕਾਰਨ ਤਲਾਅ ਦਾ ਰੂਪ ਧਾਰਨ ਕਰ ਗਿਆ ਹੈ। 

ਇਸ ਸੰਬੰਧੀ ਵਾਰਡ ਵਾਸੀ ਗੁਰਦੀਪ ਸਿੰਘ, ਲਲਿਤ ਕੁਮਾਰ, ਮਿੱਠੂ ਸਿੰਘ, ਲਖਵਿੰਦਰ ਕੁਮਾਰ, ਮਿੰਟੂ ਸਿੰਘ, ਅਮਰੀਕ ਸਿੰਘ, ਰੇਸ਼ਮ ਸਿੰਘ, ਮਨਿੰਦਰ ਸਿੰਘ, ਸਵਰਨ ਸਿੰਘ ਤੋਂ ਇਲਾਵਾ ਹੋਰਨਾਂ ਨੇ ਮੌਕਾ ਦਿਖਾਉਂਦਿਆਂ ਕਿਹਾ ਕਿ ਸੀਵਰੇਜ ਵਿਭਾਗ ਦੇ ਵਾਰ-ਵਾਰ ਧਿਆਨ ਵਿਚ ਲਿਆਉਣ ਤੇ ਮਸਲਾ ਹੱਲ ਨਹੀਂ ਕੀਤਾ ਗਿਆ, ਜਿਸ ਦੀ ਬਦੌਲਤ ਇਸ ਗੰਦੇ ਪਾਣੀ ਨਾਲ ਕੰਧਾਂ ਦੀਆਂ ਨੀਹਾਂ ਅਤੇ ਨਾਲ ਹੀ ਲਾਈਆਂ ਸਬਜੀਆਂ ਅਤੇ ਫਸਲਾਂ ਵੀ ਪਾਣੀ ਵਿਚ ਡੁੱਬ ਗਈਆਂ ਹਨ ਅਤੇ ਗੰਦਾ ਪਾਣੀ ਕਈ ਵਾਰਡ ਵਾਸੀਆਂ ਦੇ ਘਰਾਂ ਵਿਚ ਵੀ ਵੜ ਗਿਆ ਹੈ। ਇਸ ਲਈ ਤੁਰੰਤ ਟੁੱਟੀਆਂ ਪਾਈਪਾਂ ਨੂੰ ਬੰਦ ਕਰਕੇ ਵੱਡੀ ਸਮਰੱਥਾ ਵਾਲੀਆਂ ਪਾਈਪਾਂ ਪਾਈਆਂ ਜਾਣ। ਇਸ ਸੰਬੰਧੀ ਐੱਸ.ਡੀ.ਓ ਸੀਵਰੇਜ ਵਿਭਾਗ ਸੰਦੀਪ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਮੈਨ ਦੀ ਡਿਊਟੀ ਲਗਾ ਦਿੱਤੀ ਗਈ ਹੈ ਜੋ ਇਸ ਦਾ ਹੱਲ ਕਰਨਗੇ ਅਤੇ ਉਹ ਖੁਦ ਵੀ ਇਸ ਦੀ ਨਿਗਰਾਨੀ ਕਰਨਗੇ।

Gurminder Singh

This news is Content Editor Gurminder Singh