ਅੰਮ੍ਰਿਤਸਰ ਜ਼ਿਲੇ ’ਚ ਦੂਜੇ ਪਡ਼ਾਅ ਤਹਿਤ 7600 ਵਿਦਿਆਰਥੀਆਂ ਨੂੰ ਵੰਡੇ ਗਏ ਫੋਨ

12/19/2020 1:29:40 AM

ਅੰਮ੍ਰਿਤਸਰ,(ਕਮਲ, ਦਲਜੀਤ)-ਪੰਜਾਬ ਸਰਕਾਰ ਵੱਲੋਂ ‘ਸਮਾਰਟ ਕੁਨੈਕਟ’ ਯੋਜਨਾ ਤਹਿਤ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਮੁਹਿੰਮ ਦੇ ਦੂਜੇ ਪਡ਼ਾਅ ਤਹਿਤ ਅੱਜ ਜ਼ਿਲੇ ਅੰਦਰ 43 ਵੱਖ-ਵੱਖ ਸਕੂਲਾਂ ਦੇ 7600 ਵਿਦਿਆਰਥੀਆਂ ਨੂੰ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਜ਼ਿਲਾ ਪੱਧਰ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਕੋਟ ਵਿਖੇ ਹੋਏ ਸਮਾਗਮ ਦੌਰਾਨ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਵਿਚ ਵਰਚੁਅਲ ਤਰੀਕੇ ਨਾਲ ਭਾਗ ਲਿਆ।

ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਵਿੱਦਿਆ ਹਾਸਲ ਕਰਨ ਵਿਚ ਸੌਖ ਮੁਹੱਈਆ ਕਰਨ ਦੇ ਮਨਸੂਬੇ ਨਾਲ ਸਮਾਰਟ ਫੋਨ ਵੰਡੇ ਗਏ ਹਨ, ਜਿਸ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੋਰ ਵਧੀਆ ਨਤੀਜੇ ਦੇਣ ਦੇ ਸਮਰੱਥ ਬਣਨਗੇ। ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿਚ ਪਡ਼੍ਹਦੇ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕਾਂ ਰਾਹੀਂ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਹੁਣ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਕੂਲ ਬੰਦ ਪਏ ਹਨ, ਤਾਂ ਵਿਦਿਆਰਥੀਆਂ ਨੂੰ ਆਨਲਾਈਨ ਪਡ਼੍ਹਾਈ ਵਿਚ ਹਰ ਸੰਭਵ ਸਹਾਇਤਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਹ ਸਮਾਰਟ ਫੋਨ ਵੰਡੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਪਡ਼ਾਅ ਤਹਿਤ 50,000 ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਗਏ ਹਨ ਅਤੇ ਦੂਜੇ ਪਡ਼ਾਅ ਵਿਚ 12ਵੀਂ ਜਮਾਤ ਦੇ 80,000 ਹੋਰ ਵਿਦਿਆਰੀਥਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਜਾ ਰਹੇ ਹਨ। ਸੋਨੀ ਨੇ ਕਿਹਾ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਿਚ 13 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ । ਇਸ ਮੌਕੇ ਡੀ. ਸੀ. ਗੁਰਪ੍ਰੀਤ ਸਿੰਘ ਖਹਿਰਾ, ਐੱਸ. ਡੀ. ਐੱਮ. ਵਿਕਾਸ ਹੀਰਾ, ਏ. ਡੀ. ਸੀ. ਪੀ. ਹਰਜੀਤ ਸਿੰਘ ਧਾਲੀਵਾਲ , ਡਿਪਟੀ ਮੇਅਰ ਯੂਨਿਸ ਕੁਮਾਰ ਅਤੇ ਅਰੁਣ ਪੱਪਲ ਵੀ ਹਾਜ਼ਰ ਸਨ।

Deepak Kumar

This news is Content Editor Deepak Kumar