ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਡਰਾਈਵਿੰਗ ਲਾਇਸੰਸ, ਆਰ.ਸੀ. ਤੇ ਪਰਮਿਟਾਂ ਦੀ ਮਿਆਦ ਵਧਾਈ

08/25/2020 6:15:17 PM

ਚੰਡੀਗੜ੍ਹ : ਜਿਨ੍ਹਾਂ ਪੰਜਾਬ ਵਾਸੀਆਂ, ਟਰਾਂਸਪੋਰਟਾਂ ਜਾਂ ਹੋਰ ਸੰਸਥਾਵਾਂ ਦੇ ਡਰਾਈਵਿੰਗ ਲਾਇਸੰਸਾਂ, ਆਰ.ਸੀਜ਼ ਜਾਂ ਪਰਮਿਟਾਂ ਦੀ ਮਿਆਦ 1 ਫਰਵਰੀ, 2020 ਤੋਂ ਮੁੱਕ ਚੁੱਕੀ ਹੈ ਅਤੇ ਕੋਵਿਡ-19 ਕਾਰਨ ਉਹ ਅਜੇ ਤੱਕ ਇਨ੍ਹਾਂ ਨੂੰ ਰੀਨਿਊ ਨਹੀਂ ਕਰਵਾ ਸਕੇ, ਉਨ੍ਹਾਂ ਲਈ ਇਕ ਚੰਗੀ ਖ਼ਬਰ ਹੈ। ਜਿਹੜੇ ਡਰਾਈਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ) ਅਤੇ ਪਰਮਿਟ ਆਦਿ ਦੀ ਮਿਆਦ 1 ਫਰਵਰੀ, 2020 ਤੋਂ ਬਾਅਦ ਜਾਂ 31 ਦਸੰਬਰ, 2020 ਤੱਕ ਖ਼ਤਮ ਹੋਣੀ ਹੈ, ਨੂੰ ਹੁਣ ਮਿਤੀ 31 ਦਸੰਬਰ, 2020 ਤੱਕ ਵੈਧ ਮੰਨਿਆ ਜਾਵੇਗਾ। 

ਇਹ ਵੀ ਪੜ੍ਹੋ :  ਸੁਖਬੀਰ-ਹਰਸਿਮਰਤ ਸਣੇ ਪੁੱਤ ਤੇ ਧੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ 19 ਮਹਾਮਾਰੀ ਕਾਰਨ ਬਣੇ ਗੰਭੀਰ ਹਾਲਾਤ ਦੇ ਚੱਲਦਿਆਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਵਲੋਂ ਬੀਤੇ ਕੱਲ੍ਹ ਇਸ ਸਬੰਧੀ ਤਾਜ਼ਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਦਾਇਤਾਂ ਅਨੁਸਾਰ ਮੋਟਰ ਵਾਹਨ ਐਕਟ, 1988 ਅਤੇ ਸੈਂਟਰਲ ਮੋਟਰ ਵਾਹਨ ਨਿਯਮ, 1989 ਤਹਿਤ ਬਣਾਏ ਜਾਂਦੇ ਦਸਤਾਵੇਜ਼ ਜਿਵੇਂ ਕਿ ਡਰਾਈਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫਿਕੇਟ, ਪਰਮਿਟ ਆਦਿ ਜਿਨ੍ਹਾਂ ਦੀ ਮਿਆਦ 1 ਫਰਵਰੀ, 2020 ਤੋਂ ਬਾਅਦ ਜਾਂ 31 ਦਸੰਬਰ, 2020 ਤੱਕ ਖਤਮ ਹੋਣੀ ਹੈ, ਨੂੰ 31 ਦਸੰਬਰ, 2020 ਤੱਕ ਵੈਧ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ :  ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਦਾਦੂਵਾਲ, ਢੱਡਰੀਆਵਾਲੇ ਅਤੇ ਭਾਈ ਮੰਡ 'ਤੇ ਦਿੱਤਾ ਵੱਡਾ ਬਿਆਨ

ਉਨ੍ਹਾਂ ਦੱਸਿਆ ਕਿ ਇਨ੍ਹਾਂ ਹਦਾਇਤਾਂ ਬਾਰੇ ਪੱਤਰ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਪੰਜਾਬ ਦੇ ਡੀ. ਜੀ. ਪੀ. ਨੂੰ ਭੇਜ ਦਿੱਤਾ ਹੈ। ਇਸ ਤੋਂ ਇਲਾਵ ਏ. ਡੀ. ਜੀ. ਪੀ. (ਟ੍ਰੈਫਿਕ), ਸਾਰੇ ਡਿਪਟੀ ਕਮਿਸ਼ਨਰਾਂ, ਸਾਰੇ ਐੱਸ. ਐੱਸ. ਪੀਜ਼. ਅਤੇ ਟਰਾਂਸਪੋਰਟ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਆਮ ਨਾਗਰਿਕਾਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਕਤ ਹਦਾਇਤਾਂ ਦੇ ਮੱਦੇਨਜ਼ਰ ਵਾਹਨਾਂ ਦੀ ਚੈਕਿੰਗ ਦੌਰਾਨ ਜਿਨ੍ਹਾਂ ਵਿਅਕਤੀਆਂ, ਟਰਾਂਸਪੋਰਟਰਾਂ ਜਾਂ ਹੋਰ ਸੰਸਥਾਵਾਂ ਦੇ ਡਰਾਈਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫਿਕੇਟ ਜਾਂ ਪਰਮਿਟ 1 ਫਰਵਰੀ, 2020 ਤੋਂ ਬਾਅਦ ਰੀਨਿਊੇ ਨਹੀਂ ਕਰਵਾਏ ਗਏ ਹਨ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ ਕਿਉਂ ਕਿ ਨਵੀਆਂ ਹਦਾਇਤਾਂ ਅਨੁਸਾਰ ਅਜਿਹੇ ਦਸਤਾਵੇਜ਼ 31 ਦਸੰਬਰ, 2020 ਤੱਕ ਵੈਧ ਮੰਨੇ ਜਾਣਗੇ।

ਇਹ ਵੀ ਪੜ੍ਹੋ :  ਸੁਖਬੀਰ ਬਾਦਲ ਦੀ ਹੱਲਾਸ਼ੇਰੀ ਨੇ ਵਧਾਏ ਅਕਾਲੀਆਂ ਦੇ ਹੌਂਸਲੇ, ਲੋਕਾਂ 'ਚ ਵਧਣ ਲੱਗਾ ਹੇਜ

 

Gurminder Singh

This news is Content Editor Gurminder Singh