ਸਿੰਚਾਈ ਵਿਭਾਗ ਦੇ ਮੁਲਾਜ਼ਮਾਂ ਕੀਤਾ ਸਰਕਾਰ ਦਾ ਪਿੱਟ-ਸਿਆਪਾ

07/22/2017 12:52:34 AM

ਹੁਸ਼ਿਆਰਪੁਰ, (ਘੁੰਮਣ)- ਨਹਿਰੀ ਵਿਭਾਗ ਅੰਦਰ ਕੰਮ ਕਰਦੇ ਦਰਜਾ-4 ਮੁਲਾਜ਼ਮਾਂ ਵੱਲੋਂ ਜੂਨ ਮਹੀਨੇ ਦੀ ਤਨਖਾਹ ਦੀ ਪ੍ਰਾਪਤੀ ਲਈ ਨਹਿਰੀ ਕਾਲੋਨੀ ਵਿਖੇ ਰੋਸ ਰੈਲੀ ਕੀਤੀ ਗਈ ਅਤੇ ਸਰਕਾਰ ਦਾ ਖੂਬ ਪਿੱਟ-ਸਿਆਪਾ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਦਰਜਾ-4 ਮੁਲਾਜ਼ਮਾਂ ਦੇ ਜ਼ਿਲਾ ਪ੍ਰਧਾਨ ਅਸ਼ੋਕ ਕੁਮਾਰ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਦੱਸਿਆ ਕਿ ਮਹੀਨਾ ਜੂਨ ਦੀ ਤਨਖਾਹ ਨਾ ਮਿਲਣ ਕਾਰਨ ਮੁਲਾਜ਼ਮ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ, ਜਿਸ ਕਰ ਕੇ ਘਰੇਲੂ ਰੋਜ਼ਾਨਾ ਖਰਚਿਆਂ ਲਈ ਉਨ੍ਹਾਂ ਨੂੰ ਪੈਸੇ ਉਧਾਰ ਮੰਗਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਮੁਲਾਜ਼ਮਾਂ ਨੇ ਆਪਣੇ ਬੱਚਿਆਂ ਦੇ ਵਿਆਹ ਲਈ ਜੀ. ਪੀ. ਫੰਡ ਲਈ ਅਪਲਾਈ ਕੀਤਾ ਸੀ, ਉਨ੍ਹਾਂ ਬੱਚਿਆਂ ਦੇ ਵਿਆਹ ਵੀ ਹੋ ਗਏ ਹਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਮੁਲਾਜ਼ਮਾਂ ਨੂੰ ਅਜੇ ਤੱਕ ਜੀ. ਪੀ. ਫੰਡ ਦੇ ਪੈਸੇ ਨਹੀਂ ਮਿਲੇ। 
ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਵੱਲੋਂ ਜੰਗਲਾਤ ਵਿਭਾਗ ਦੇ ਵਣਪਾਲ ਅਧਿਕਾਰੀ ਵੱਲੋਂ ਤਨਖਾਹ ਰਿਲੀਜ਼ ਨਾ ਕਰਨ ਦੀ ਵੀ ਨਿਖੇਧੀ ਕੀਤੀ ਗਈ। ਉਨ੍ਹਾਂ ਆਖਿਆ ਕਿ ਮੁਅੱਤਲ ਮੁਲਾਜ਼ਮਾਂ ਨੂੰ ਬਹਾਲ ਕਰਨ ਦੇ ਬਾਵਜੂਦ ਇਸ ਅਧਿਕਾਰੀ ਵੱਲੋਂ ਤਨਖਾਹ ਨਾ ਦੇਣ ਦੇ ਰੋਸ ਵਜੋਂ 24 ਜੂਨ ਤੋਂ ਲਗਾਤਾਰ ਉਸ ਖਿਲਾਫ਼ ਸੰਘਰਸ਼ ਚੱਲ ਰਿਹਾ ਹੈ। ਆਗੂਆਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਕਤ ਅਧਿਕਾਰੀ ਦੀ ਚੈਕਿੰਗ ਕਰ ਕੇ ਪੁੱਛ-ਪੜਤਾਲ ਕੀਤੀ ਜਾਵੇ ਕਿਉਂਕਿ ਉਹ ਆਪਣੇ ਦਫਤਰ ਵਿਚ ਹਾਜ਼ਰ ਨਹੀਂ ਰਹਿੰਦਾ ਅਤੇ ਵਿਭਾਗੀ ਕੰਮਕਾਜ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਹੀ ਕਰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਤਨਖਾਹ ਤੁਰੰਤ ਜਾਰੀ ਕਰਨ ਅਤੇ ਉਕਤ ਅਧਿਕਾਰੀ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ। ਰੈਲੀ ਨੂੰ ਰਾਮ ਪ੍ਰਸਾਦ ਵਾਈਸ ਪ੍ਰਧਾਨ, ਜੀਵਨ ਕੁਮਾਰ ਜਨਰਲ ਸਕੱਤਰ, ਨਿਰਮਲ ਕੁਮਾਰ ਖਜ਼ਾਨਚੀ, ਨਿਤਿਨ, ਡਰਾਈਵਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਜੀਤ ਸਿੰਘ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਜ਼ਿਲਾ ਜਨਰਲ ਸਕੱਤਰ ਇੰਦਰਜੀਤ ਵਿਰਦੀ ਆਦਿ ਨੇ ਸੰਬੋਧਨ ਕੀਤਾ।