ਸਰਕਾਰੀ ਹਸਪਤਾਲ ਦੇ ਅਮਲੇ ਨੇ ਆਪਣੀ ਸੁਰੱਖਿਆ ਨੂੰ ਮੁੱਖ ਰੱਖਦੇ ਕੀਤਾ ਮੁਜ਼ਾਹਰਾ

03/15/2021 7:49:46 PM

ਗੜ੍ਹਸ਼ੰਕਰ, (ਸ਼ੋਰੀ)- ਇੱਥੋਂ ਦੇ ਸਰਕਾਰੀ ਹਸਪਤਾਲ 'ਚ ਅੱਜ ਸਿਹਤ ਵਿਭਾਗ ਦੇ ਅਮਲੇ ਨੇ ਆਪਣੇ ਹੱਥਾਂ 'ਚ ਤਖਤੀਆਂ ਫੜ ਕੇ ਆਪਣੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਭਾਰੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਅੰਮ੍ਰਿਤਸਰ 'ਚ ਇਕ ਡਾਕਟਰ ਨੂੰ ਬੀਤੇ ਕੱਲ੍ਹ ਗੋਲੀ ਮਾਰਨ ਦੀ ਘਟਨਾ ਨੇ ਸਮੁੱਚੇ ਸਿਹਤ ਵਿਭਾਗ ਦੇ ਅਮਲੇ ਅੰਦਰ ਇਕ ਸਹਿਮ ਅਤੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਅਤੇ ਪੁਲਸ ਇਹ ਯਕੀਨੀ ਬਣਾਵੇ ਕਿ ਹਸਪਤਾਲ ਅੰਦਰ ਨੌਕਰੀ ਕਰਨ ਵਾਲਾ ਹਰ ਮੁਲਾਜ਼ਮ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਦੂਸਰਿਆਂ ਦੀ ਤੰਦਰੁਸਤੀ ਲਈ ਕੰਮ ਕਰਨ ਵਾਲਿਆਂ ਉੱਪਰ ਗੋਲੀਆਂ ਵਰ੍ਹਾਈਆਂ ਜਾ ਰਹੀਆਂ ਹਨ। ਇਸ ਮੌਕੇ ਐੱਸ. ਐੱਮ. ਓ. ਇੰਚਾਰਜ ਡਾ. ਚਰਨਜੀਤਪਾਲ, ਡਾ. ਨਵਜੋਤ, ਡਾ. ਹਰਗੋਪਾਲ, ਡਾ. ਜਸਵੰਤ ਸਿੰਘ, ਡਾ. ਰਣਜੀਤ ਸਿੰਘ ਸਮੇਤ ਪੈਰਾ ਮੈਡੀਕਲ ਸਟਾਫ ਤੋਂ ਮੈਡਮ ਦੀਪਿਕਾ, ਮੈਡਮ ਸੰਤੋਸ਼, ਬਲਵੀਰ ਸਿੰਘ, ਓਮ ਪ੍ਰਕਾਸ਼, ਗਗਨਦੀਪ ਥਾਂਦੀ ਅਤੇ ਹੋਰ ਵੀ ਹਾਜ਼ਰ ਸਨ।

ਡਾ. ਜਸਵੰਤ ਨੇ ਦੱਸਿਆ ਕਿ ਐੱਸ. ਐੱਮ. ਓ. ਇੰਚਾਰਜ ਡਾ. ਚਰਨਜੀਤਪਾਲ ਵੱਲੋਂ ਮੰਗ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਡਾਕਟਰ ਜਾਂ ਸਿਹਤ ਵਿਭਾਗ ਦੇ ਅਮਲੇ ਦਾ ਕਿਸੇ ਵੀ ਪ੍ਰਕਾਰ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਜਾਵੇ।

Bharat Thapa

This news is Content Editor Bharat Thapa