ਇਕੋ ਡਾਕਟਰ ਦੇ ਆਸਰੇ ਚੱਲ ਰਿਹੈ ਸਰਕਾਰੀ ਹਸਪਤਾਲ

11/20/2017 1:37:38 AM

ਸ਼ੇਰਪੁਰ, (ਅਨੀਸ਼)— ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹਾਦਤ ਸਥਾਨ ਸ਼ੇਰਪੁਰ ਵਿਖੇ 5 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਹਸਪਤਾਲ 'ਚ ਡਾਕਟਰਾਂ, ਦਵਾਈਆਂ ਤੇ ਮਸ਼ੀਨਰੀ ਦੀ ਭਾਰੀ ਕਮੀ ਕਾਰਨ ਸਿਹਤ ਸਹੂਲਤਾਂ ਠੱਪ ਪਈਆਂ ਹਨ। ਐੱਸ. ਐੱਮ. ਓ. ਤੋਂ ਇਲਾਵਾ ਇਥੇ ਸਿਰਫ ਇਕ ਡਾਕਟਰ ਹੈ, ਜੋ ਮਰੀਜ਼ਾਂ ਦਾ ਇਲਾਜ ਕਰਦਾ ਹੈ।
 ਸਰਕਾਰ ਨੇ ਇਸ ਹਸਪਤਾਲ ਨੂੰ ਕਮਿਊਨਿਟੀ ਹੈਲਥ ਸੈਂਟਰ ਦਾ ਦਰਜਾ ਦੇ ਕੇ ਬੇਸ਼ੱਕ ਅਪਗ੍ਰੇਡ ਕਰ ਦਿੱਤਾ ਹੈ ਪਰ ਇਮਾਰਤ ਮੁਕੰਮਲ ਹੋਣ ਦੇ ਬਾਵਜੂਦ ਹੁਣ ਤੱਕ ਨਾ ਤਾਂ ਇਥੇ ਐਮਰਜੈਂਸੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਨਾ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਗਿਆ ਹੈ ਬਲਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇ ਰਹੇ ਡਾਕਟਰਾਂ ਦਾ ਲਗਾਤਾਰ ਤਬਾਦਲਾ ਕੀਤਾ ਜਾ ਰਿਹਾ ਹੈ। ਇਸ ਦੇ ਸਿੱਟੇ ਵਜੋਂ ਐਮਰਜੈਂਸੀ ਕੇਸਾਂ ਨੂੰ ਸਿਵਲ ਹਸਪਤਾਲ ਧੂਰੀ, ਬਰਨਾਲਾ ਜਾਂ ਮਾਲੇਰਕੋਟਲਾ ਵਿਖੇ ਇਲਾਜ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸਟਾਫ ਦੀ ਕਮੀ ਕਾਰਨ ਇਲਾਕੇ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 
ਖੰਘ ਤੇ ਜ਼ੁਕਾਮ ਤੱਕ ਦੀ ਦਵਾਈ ਨਹੀਂ ਹਸਪਤਾਲ 'ਚ
ਇਥੇ ਮੈਡੀਕਲ ਡਾਕਟਰਾਂ ਦੀਆਂ 5 ਪੋਸਟਾਂ ਹਨ ਪਰ ਐੱਸ. ਐੱਮ. ਓ. ਨੂੰ ਛੱਡ ਕੇ ਹੁਣ ਡਾ. ਰਾਜੀਵ ਹੀ ਮਰੀਜ਼ਾਂ ਨੂੰ ਸੰਭਾਲ ਰਹੇ ਹਨ ਜਦੋਂਕਿ ਲੇਡੀਜ਼ ਡਾ. ਅਮਨਦੀਪ ਕੌਰ ਇਥੋਂ ਬਦਲ ਚੁੱਕੇ ਹਨ, ਜਿਸ ਕਰ ਕੇ ਜਨਾਨਾ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਦਿਨਾਂ 'ਚ ਧੂੰਏਂ ਕਾਰਨ ਆਮ ਤੌਰ 'ਤੇ ਲੋਕ ਖੰਘ ਤੇ ਜ਼ੁਕਾਮ ਤੋਂ ਪੀੜਤ ਹੁੰਦੇ ਹਨ ਪਰ ਹਸਪਤਾਲ ਵਿਚ ਖੰਘ ਤੇ ਜ਼ੁਕਾਮ ਦੀ ਦਵਾਈ ਵੀ ਨਹੀਂ ਆ ਰਹੀ, ਜਿਸ ਕਰ ਕੇ ਲੋਕ ਮੈਡੀਕਲ ਸਟੋਰਾਂ ਤੋਂ ਦਵਾਈਆਂ ਲੈਣ ਲਈ ਮਜਬੂਰ ਹਨ।
ਧਰਨੇ ਦੇਣ ਤੋਂ ਬਾਅਦ ਕੁਝ ਸਮੇਂ ਲਈ ਸੁਧਰੇ ਸਨ ਹਾਲਾਤ 
ਦੱਸਿਆ ਜਾਂਦਾ ਹੈ ਕਿ ਪਿਛਲੇ ਸਮੇਂ ਦੌਰਾਨ ਇਲਾਕਾ ਐਕਸ਼ਨ ਕਮੇਟੀ ਵੱਲੋਂ ਹਸਪਤਾਲ 'ਚ ਡਾਕਟਰਾਂ ਦੀਆਂ ਖਾਲੀ ਪਈਆਂ ਪੋਸਟਾਂ ਨੂੰ ਭਰਨ ਅਤੇ ਦਵਾਈਆਂ ਦੇ ਮਸਲੇ ਨੂੰ ਲੈ ਕੇ ਧਰਨੇ ਮੁਜ਼ਾਹਰੇ ਕੀਤੇ ਗਏ ਸਨ, ਜਿਸ ਤੋਂ ਬਾਅਦ ਸਰਕਾਰ ਨੇ ਡਾਕਟਰਾਂ ਤੇ ਦਵਾਈਆਂ ਦੀ ਕਮੀ ਨੂੰ ਪੂਰਾ ਕਰਵਾ ਦਿੱਤਾ ਸੀ ਪਰ ਹੁਣ ਹਾਲਾਤ ਫਿਰ ਜਿਉਂ ਦੇ ਤਿਉਂ ਬਣ ਚੁੱਕੇ ਹਨ। 
ਐਂਬੂਲੈਂਸ ਵੀ ਖਟਾਰਾ
30 ਬਿਸਤਰਿਆਂ ਦਾ ਇਹ ਹਸਪਤਾਲ ਇਲਾਕੇ ਦੇ 70 ਪਿੰਡਾਂ ਅਤੇ 4 ਮਿੰਨੀ ਪ੍ਰਾਇਮਰੀ ਹੈਲਥ ਸੈਂਟਰਾਂ ਮੂਲੋਵਾਲ, ਕਾਂਝਲਾ, ਭਲਵਾਨ ਤੇ ਮੀਮਸਾ ਆਦਿ ਨੂੰ ਪਿਛਲੇ ਲੰਬੇ ਸਮੇਂ ਤੋਂ ਸਿਹਤ ਸਹੂਲਤਾਂ ਦਿੰਦਾ ਆ ਰਿਹਾ ਹੈ ਪਰ ਦਵਾਈਆਂ, ਮਸ਼ੀਨਰੀ ਅਤੇ ਡਾਕਟਰਾਂ ਦੀ ਭਾਰੀ ਘਾਟ ਹੋਣ ਕਾਰਨ ਇਹ ਹਸਪਤਾਲ ਹੁਣ ਸਿਹਤ ਸਹੂਲਤਾਂ ਦੇਣ 'ਚ ਦਿਨੋਂ- ਦਿਨ ਪੱਛੜਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਸਾਲਾਂ ਤੋਂ ਖਟਾਰਾ ਐਂਬੂਲੈਂਸ ਖੜ੍ਹੀ ਹੋਣ ਕਰ ਕੇ ਸਟਾਫ ਨੂੰ ਦਵਾਈਆਂ ਦੀ ਸਪਲਾਈ ਅਤੇ ਟੂਰ ਕਰਨ ਲਈ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਮਾਜ ਸੇਵੀਆਂ ਦਿੱਤੀ ਸੰਘਰਸ਼ ਦੀ ਚਿਤਾਵਨੀ
ਇਸ ਸਬੰਧੀ ਪਬਲਿਕ ਹਿੱਤ ਵਿਚ ਕੰਮ ਕਰਦੀ ਸੰਸਥਾ ਪਬਲਿਕ ਹੈਲਪਲਾਈਨ ਦੇ ਪ੍ਰਧਾਨ ਐਡਵੋਕੇਟ ਨਵਲਜੀਤ ਗਰਗ, ਜਨ ਸਹਾਰਾ ਕਲੱਬ ਦੇ ਆਗੂ ਸੁਸ਼ੀਲ ਗੋਇਲ, ਪੀ. ਏ. ਡੀ. ਬੀ. ਦੇ ਡਾਇਰੈਕਟਰ ਹਰਬੰਸ ਸਿੰਘ ਸਲੇਮਪੁਰ, ਆਮ ਆਦਮੀ ਪਾਰਟੀ ਦੇ ਆਗੂ ਪਰਮਿੰਦਰ ਸਿੰਘ ਕਾਤਰੋਂ, ਲਾਇਨਜ਼ ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਗਲਾ ਆਦਿ ਨੇ ਕਿਹਾ ਕਿ ਇਕ ਪਾਸੇ ਤਾਂ ਸੂਬਾ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਹੈ ਅਤੇ ਦੂਜੇ ਪਾਸੇ ਸ਼ੇਰਪੁਰ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝੇ ਹੋਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਸ਼ੇਰਪੁਰ ਦੇ ਹਸਪਤਾਲ ਵਿਚ ਸਿਹਤ ਸਹੂਲਤਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। 
ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਐ : ਸਿਵਲ ਸਰਜਨ
ਜਦੋਂ ਇਸ ਮਾਮਲੇ ਸਬੰਧੀ ਸਿਵਲ ਸਰਜਨ ਕਿਰਨਜੋਤ ਕੌਰ ਬਾਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਟਾਫ ਦੀ ਕਮੀ ਬਾਰੇ ਅਸੀਂ ਲਿਖਤੀ ਰੂਪ 'ਚ ਕਈ ਵਾਰ ਉੱਚ ਅਧਿਕਾਰੀਆਂ ਨੂੰ ਭੇਜ ਚੁੱਕੇ ਹਾਂ। ਭਵਿੱਖ ਵਿਚ ਇਹ ਸਮੱਸਿਆ ਹੱਲ ਹੋਣ ਦੀ ਸੰਭਾਵਨਾ ਹੈ। ਦਵਾਈਆਂ ਦੇ ਸਟਾਕ ਵਿਚ ਪਿੱਛੋਂ ਹੀ ਕਮੀ ਹੈ।