ਆਦਮਪੁਰ ਦੇ ਹਸਪਤਾਲ 'ਚ ਲੱਗੀ ਅੱਗ, ਵੱਡਾ ਹਾਦਸਾ ਹੋਣੋ ਟਲਿਆ

06/05/2019 5:03:26 PM

ਆਦਮਪੁਰ (ਦਿਲਬਾਗੀ, ਚਾਂਦ) : ਕਮਿਊਨਿਟੀ ਹੈਲਥ ਸੈਂਟਰ (ਸਰਕਾਰੀ ਹਸਪਤਾਲ) ਆਦਮਪੁਰ ਦੇ ਡਿਲਿਵਰੀ ਰੂਮ ਦੇ ਏ. ਸੀ. ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11:30 ਵਜੇ ਦੇ ਕਰੀਬ ਇਹ ਘਟਨਾ ਵਾਪਰੀ। ਜਦੋਂ ਹਸਪਤਾਲ ਦੇ ਡਿਲਿਵਰੀ ਰੂਮ 'ਚੋਂ ਸਟਾਫ ਮੈਂਬਰ ਪਲਵਿੰਦਰ ਕੌਰ ਅਤੇ ਸ਼ਿਲਦਰ ਕੌਰ ਇਕ ਮਰੀਜ ਦੀ ਡਿਲਿਵਰੀ ਕਰਕੇ ਬਾਹਰ ਆਏ ਹੀ ਸਨ ਕਿ ਡਿਲਿਵਰੀ ਰੂਮ 'ਚ ਲੱਗੇ ਏ. ਸੀ. ਨੂੰ ਅਚਾਨਕ ਅੱਗ ਲੱਗ ਗਈ। ਮੌਕੇ 'ਤੇ ਮੌਜੂਦ ਸਟਾਫ ਮੈਂਬਰਾਂ ਵਲੋਂ ਡਿਲਿਵਰੀ ਵਾਲੀ ਔਰਤ ਅਤੇ ਨਵਜੰਮੀ ਬੱਚੀ ਨੂੰ ਰੂਮ 'ਚੋਂ ਬਾਹਰ ਕੱਢਿਆ ਗਿਆ ਅਤੇ ਹੋਰ ਮਰੀਜ਼ਾਂ ਨੂੰ ਵੀ ਹਸਪਤਾਲ 'ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਹਸਪਤਾਲ ਦੇ ਬਾਹਰ ਖੜੀ 108 ਐਮਰਜੈਂਸੀ ਐਬੂਲੈਂਸ ਦੇ ਈ. ਐਮ.ਟੀ. ਖੁਸ਼ਵਿੰਦਰ ਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਅਤੇ ਹਸਪਤਾਲ ਦੇ ਸਾਹਮਣੇ ਥਾਣੇ ਤੋਂ ਗੁਰਵਿੰਦਰ ਸਿੰਘ, ਅਵਿਨਾਸ਼ ਸਿੰਘ ਕਾਂਸਟੇਬਲ, ਹੈੱਡ ਕਾਂਸਟੇਬਲ ਮਨੋਹਰ ਸਿੰਘ ਅਤੇ ਏ. ਐੱਸ. ਆਈ. ਅਮੀਰ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਦਰਵਾਜ਼ੇ ਤੋੜ ਕੇ ਡਿਲਿਵਰੀ ਰੂਮ 'ਚ ਪਹੁੰਚੇ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਦੱਸਣਯੋਗ ਹੈ ਕਿ ਹਸਪਤਾਲ ਦੇ ਅੰਦਰ ਕਰੀਬ 15 ਮਰੀਜ਼ਾਂ ਨੂੰ ਬਾਹਰ ਕੱਢਿਆ ਅਤੇ ਨਾਲ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ।

ਥੋੜ੍ਹੇ ਸਮੇਂ ਬਾਅਦ ਏਅਰ ਫੋਰਸ ਸਟੇਸ਼ਨ ਆਦਮਪੁਰ ਤੋਂ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਇਸ ਮੌਕੇ ਡਾ. ਏ.ਐਸ. ਦੁੱਗਲ ਐੱਸ. ਐੱਮ. ਓ. ਅਤੇ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਏ. ਸੀ. ਨੂੰ ਅੱਗ ਲੱਗ ਗਈ ਸੀ ਅਤੇ ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਡਿਲੀਵਰੀ ਰੂਮ 'ਚ ਪਈ ਸਾਰੀ ਮਸ਼ੀਨਰੀ ਅਤੇ ਹੋਰ ਸਮਾਨ ਪੂਰੀ ਤਰ੍ਹਾਂ ਨਾਲ ਸੜ੍ਹ ਗਿਆ ਹੈ, ਜਿਸ ਕਾਰਨ ਲੱਖਾਂ ਰੁਪਇਆ ਦਾ ਨੁਕਸਾਨ ਹੋਇਆ ਹੈ। 

Anuradha

This news is Content Editor Anuradha