ਸਰਕਾਰੀ ਹਸਪਤਾਲਾਂ ਦੇ ਮੁਢਲੇ ਢਾਂਚੇ ਨੂੰ ਤੁਰੰਤ ਅਪਗ੍ਰੇਡ ਕਰਨ ਲਈ ਕੇਂਦਰ ਦੇਵੇ 500 ਕਰੋੜ ਰੁਪਏ : ਕੈਪਟਨ

04/12/2020 12:20:35 AM

ਜਲੰਧਰ,(ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਹੋਈ ਮੀਟਿੰਗ ਨੂੰ ਸੂਚਿਤ ਕੀਤਾ ਕਿ ਮੌਜੂਦਾ ਸੰਕਟ ਨੂੰ ਦੇਖਦੇ ਹੋਏ ਪੁਲਸ, ਸਿਹਤ ਕਰਮਚਾਰੀਆਂ ਅਤੇ ਸਫਾਈ ਕਰਮਚਾਰੀਆਂ ਨੇ ਸ਼ਾਨਦਾਰ ਕੰਮ ਕੀਤਾ ਹੈ। ਜਿਸ ਨੂੰ ਦੇਖਦੇ ਹੋਏ ਇਨ੍ਹਾਂ ਸਾਰੇ ਸਰਕਾਰੀ ਕਰਮਚਾਰੀਆਂ ਦਾ ਵਿਸ਼ੇਸ਼ ਜੋਖਮ ਬੀਮਾ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਮਹਾਮਾਰੀ ਨੂੰ ਖਤਮ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਲਈ ਜ਼ਰੂਰੀ ਹੈ ਕਿ ਉਹ ਆਪਣੀ ਜਨਤਾ ਅਤੇ ਫਰੰਟ ਲਾਈਨ ਵਰਕਰਾਂ ਜਿਵੇਂ ਸਿਹਤ ਕਰਮਚਾਰੀਆਂ, ਪੁਲਸ ਅਤੇ ਸਫਾਈ ਕਰਮਚਾਰੀਆਂ ਦਾ ਮਨੋਬਲ ਬਣਾਈ ਰੱਖਣ। ਮੁੱਖ ਮੰਤਰੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਰੈਪਰਡ ਟੈਸਟਿੰਗ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸੂਬੇ 'ਚ ਘੱਟੋ-ਘੱਟ ਹਾਟਸਪਾਟ ਮੰਨਣ ਜਾਣ ਵਾਲੇ ਇਲਾਕਿਆਂ ਜਿਵੇਂ ਨਵਾਂਸ਼ਹਿਰ, ਡੇਰਾਬੱਸੀ ਅਤੇ ਮੋਹਾਲੀ 'ਚ ਅਜਿਹਾ ਕਰਨਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਮਹਾਮਾਰੀ ਦੂਜੀ ਸਟੇਜ 'ਤੇ ਹੈ। ਉਨ੍ਹਾਂ ਕਿਹਾ ਪੰਜਾਬ 'ਚ ਐਡਵਾਂਸ ਸੈਂਟਰ ਫਾਰ ਵੀਰੋਲੋਜੀ ਦੀ ਸਥਾਪਨਾ ਲਈ ਕੇਂਦਰ ਨੂੰ 550 ਕਰੋੜ ਰੁਪਏ ਜਾਰੀ ਕਰਨੇ ਚਾਹੀਦੇ ਹਨ। ਮੌਜੂਦਾ ਸੰਕਟ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਅਗਲੇ 6 ਮਹੀਨੇ ਤੱਕ ਉਦਯੋਗਿਕ ਖੇਤਰਾਂ ਵੱਲੋਂ ਲਏ ਗਏ ਕਰਜ਼ਾਂ ਦੀ ਵਸੂਲੀ, ਵਿਆਜ ਅਤੇ ਜੁਰਮਾਨੇ ਨੂੰ ਰੱਦ ਕਰੇ। ਉਨ੍ਹਾਂ ਕਿਹਾ ਭਾਰਤ ਸਰਕਾਰ ਨੂੰ ਪੇਂਡੂ ਪੰਚਾਇਤ ਅਤੇ ਨਵ-ਨਿਗਮਾਂ ਨੂੰ 14ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਦਾ ਐਮਰਜੈਂਸੀ ਰਾਹਤ ਜਿਵੇਂ ਖਾਧ ਸਮੱਗਰੀ ਅਤੇ ਦਵਾਈਆਂ ਗਰੀਬ ਵਰਗ ਨੂੰ ਵੰਡਣ ਦੀ ਆਗਿਆ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਜੀ. ਡੀ. ਪੀ. ਨੂੰ ਦੇਖਦੇ ਹੋਏ ਉਧਾਰ ਲੈਣ ਦੀ ਸਮਰੱਥਾ ਨੂੰ 3 ਤੋਂ ਵਧਾ ਕੇ 4 ਫੀਸਦੀ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧ 'ਚ ਸੂਬਾ ਸਰਕਾਰ ਕੇਂਦਰੀ ਵਿੱਤ ਮੰਤਰਾਲਾ ਨੂੰ ਪ੍ਰਸਤਾਵ ਭੇਜ ਰਹੀ ਹੈ।

ਪੰਜਾਬ ਦੇ 22 'ਚੋਂ 17 ਜ਼ਿਲੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਕਣਕ ਦੀ ਕਟਾਈ ਅਤੇ ਖਰੀਦ ਨੂੰ ਲੈ ਕੇ ਸਾਰੇ ਪ੍ਰਬੰਧ ਹੋ ਚੁੱਕੇ ਹਨ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਐੱਫ. ਸੀ. ਗੋਦਾਮਾਂ 'ਚੋਂ ਅਨਾਜ ਨੂੰ ਤੁਰੰਤ ਉਠਾ ਕੇ ਖਾਲੀ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਜੀ.ਐੱਸ.ਟੀ. ਦਾ ਰਾਜਾਂ ਨੂੰ ਬਕਾਇਆ ਜਲਦ ਰਿਲੀਜ਼ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੁਣ ਤੱਕ 151 ਪਾਜ਼ੇਟਿਵ ਕੇਸ ਆਏ ਹਨ ਅਤੇ ਕੋਰੋਨਾ ਵਾਇਰਸ ਨਾਲ ਹੁਣ ਤੱਕ 11 ਮੌਤਾਂ ਹੋਈਆਂ ਹਨ। ਸੂਬੇ ਦੇ 22 ਜ਼ਿਲਿਆਂ 'ਚੋਂ 17 ਜ਼ਿਲੇ ਕੋਰੋਨਾ ਨਾਲ ਪ੍ਰਭਾਵਿਤ ਹਨ।

ਪੰਜਾਬ ਸਰਕਾਰ ਨੇ ਵੱਡੇ ਪੈਮਾਨੇ 'ਤੇ ਪੀ.ਪੀ.ਈ. ਕਿੱਟਾਂ, ਐੱਨ.-95 ਅਤੇ ਟ੍ਰਿਪਲ ਲੇਅਰ ਮਾਸਕਾਂ ਦੇ ਆਰਡਰ ਦਿੱਤੇ
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੂਬੇ 'ਚ 52 ਆਈਸੋਲੇਸ਼ਨ ਹਸਪਤਾਲ ਸਥਾਪਤ ਕੀਤੇ ਹਨ ਅਤੇ ਸੂਬੇ 'ਚ ਮਹਾਮਾਰੀ ਨਾਲ ਨਜਿੱਠਣ ਲਈ 3 ਪੜਾਵਾਂ ਦੇ ਮਾਡਲ ਨੂੰ ਤਿਆਰ ਕੀਤਾ ਹੈ। ਪਹਿਲੇ ਪੜਾਅ 'ਚ 20 ਕੋਵਿਡ ਆਈਸੋਲੇਸ਼ਨ ਸੈਂਟਰਾਂ 'ਚ 2558 ਬੈੱਡ ਲਗਾਏ ਗਏ ਹਨ, ਦੂਜੇ ਪੜਾਅ 'ਚ 1600 ਬੈੱਡ ਅਤੇ ਤੀਜੇ 'ਚ 1 ਹਜ਼ਾਰ ਬੈੱਡਾਂ ਨੂੰ ਚੁਣਿਆ ਗਿਆ ਹੈ। 1 ਹਜ਼ਾਰ ਮੈਨ ਪਾਵਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਤੀਜੇ ਪੜਾਅ ਲਈ 20 ਹਜ਼ਾਰ ਬੈੱਡ ਕੋਵਿਡ ਸੰਭਾਲ ਅਤੇ ਆਈਸੋਲੇਸ਼ਨ ਸੈਂਟਰਾਂ 'ਚ ਰੱਖੇ ਗਏ ਹਨ। ਲੋੜ ਪੈਣ 'ਤੇ ਚੌਥੇ ਪੜਾਅ ਲਈ 1 ਲੱਖ ਬੈੱਡਾਂ ਦਾ ਪ੍ਰਬੰਧ ਵੀ ਕੀਤਾ ਜਾ ਸਕੇਗਾ। ਇਸ ਸਮੇਂ ਪੀ.ਪੀ.ਈ. ਕਿੱਟਾਂ, ਐੱਨ.-95 ਮਾਸਕ ਅਤੇ ਟ੍ਰਿਪਲ ਲੇਅਰ ਮਾਸਕ ਦੀ ਉਪਲਬਧਤਾ ਕ੍ਰਮਵਾਰ 16 ਹਜ਼ਾਰ, 66,490 ਅਤੇ 3511300 ਹੈ ਜਦਕਿ ਇਨ੍ਹਾਂ ਦੀ ਸਰਕਾਰ ਨੇ ਗਿਣਤੀ ਵਧਾਉਣ ਲਈ ਕ੍ਰਮਵਾਰ 2 ਲੱਖ, 2.70 ਲੱਖ ਅਤੇ 2 ਲੱਖ ਹੋਰ ਆਰਡਰ ਦਿੱਤੇ ਹਨ।

Deepak Kumar

This news is Content Editor Deepak Kumar