ਧਨੌਲਾ ਸਰਕਾਰੀ ਹਸਪਤਾਲ ਡਾਕਟਰਾਂ ਦੀਆਂ ਡਿਊਟੀਆਂ ਤੋਂ ਅਕਸਰ ਰਹਿੰਦੈ ਸੱਖਣਾ

12/07/2017 6:51:33 AM

ਧਨੌਲਾ (ਰਵਿੰਦਰ)-ਧਨੌਲਾ ਦੇ 25 ਤੋਂ ਜ਼ਿਆਦਾ ਪਿੰਡਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ ਬਣਿਆ ਅਤਿ ਆਧੁਨਿਕ ਇਮਾਰਤ ਵਾਲਾ ਧਨੌਲਾ ਸਰਕਾਰੀ ਹਸਪਤਾਲ ਡਾਕਟਰਾਂ ਦੀਆਂ ਡਿਊਟੀਆਂ ਤੋਂ ਅਕਸਰ ਸੱਖਣਾ ਸਿਰਫ ਚਿੱਟਾ ਹਾਥੀ ਹੀ ਬਣਿਆ ਹੋਇਆ ਹੈ। ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ. ਰਿਪਜੀਤ ਕੌਰ ਸਮੇਤ ਕੋਈ ਵੀ ਡਾਕਟਰ ਦੇ ਓ. ਪੀ. ਡੀ. 'ਤੇ ਹਾਜ਼ਰ ਨਾ ਹੋਣ ਕਾਰਨ ਦੂਰੋਂ-ਨੇੜਿਓਂ ਆਉਣ ਵਾਲੇ ਮਰੀਜ਼ ਖੱਜਲ-ਖੁਆਰ ਹੁੰਦੇ ਦੇਖੇ ਗਏ ਅਤੇ ਮਜਬੂਰਨ ਪ੍ਰਾਈਵੇਟ ਹਸਪਤਾਲਾਂ ਤੋਂ ਮਹਿੰਗਾ ਇਲਾਜ ਲੈਣ ਲਈ ਜੇਬਾਂ ਹੌਲੀਆਂ ਕਰਵਾਉਣ ਲਈ ਮਜਬੂਰ ਹੁੰਦੇ ਰਹੇ। ਇਸਤਰੀ ਰੋਗਾਂ ਦੇ ਡਾਕਟਰ ਦੀ ਪੋਸਟ ਪਿਛਲੇ ਲੰਮੇ ਸਮੇਂ ਤੋਂ ਖਾਲੀ ਹੋਣ ਕਾਰਨ, ਜਿਥੇ ਗਰਭਵਤੀ ਔਰਤਾਂ ਹਮੇਸ਼ਾ ਪ੍ਰੇਸ਼ਾਨ ਹੁੰਦੀਆਂ ਹਨ ਉਥੇ ਹੀ ਬੱਚਿਆਂ ਦੇ ਮਾਹਿਰ ਡਾਕਟਰ ਦੀ ਡਿਊਟੀ ਵੀ ਕਿਸੇ ਟ੍ਰੇਨਿੰਗ 'ਤੇ ਲੱਗੀ ਹੋਣ ਕਾਰਨ ਬੀਮਾਰ ਬੱਚਿਆਂ ਨੂੰ ਵੀ ਬਿਨਾਂ ਇਲਾਜ ਤੋਂ ਮਾਪਿਆਂ ਨਾਲ ਵਾਪਿਸ ਮੁੜਨਾ ਪਿਆ।
ਲਾਪ੍ਰਵਾਹੀ ਦੀ ਹੱਦ ਉਸ ਸਮੇਂ ਸਾਹਮਣੇ ਆਈ ਜਦੋਂ ਐੱਸ. ਐੱਮ. ਓ. ਡਾਕਟਰ ਰਿਪਜੀਤ ਕੌਰ ਨੇ ਕਿਹਾ ਕਿ ਉਹ ਛੁੱਟੀ 'ਤੇ ਹਨ ਅਤੇ ਓ. ਪੀ. ਡੀ. 'ਤੇ ਕੋਈ ਡਾਕਟਰ ਡਿਊਟੀ ਨਹੀਂ ਕਰ ਰਹੇ। ਡਾਕਟਰ ਬਾਰੇ ਅਣਜਾਣਤਾ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ਮੈਂ ਹੁਣੇ ਪਤਾ ਕਰ ਕੇ ਇਸ ਡਾਕਟਰ ਨੂੰ ਓ. ਪੀ. ਡੀ. ਕਰਨ ਲਈ ਡਿਊਟੀ ਲਗਾ ਦਿੰਦੀ ਹਾਂ, ਜਦੋਂ ਕਿਸੇ ਡਾਕਟਰ ਵੱਲੋਂ ਓ. ਪੀ. ਡੀ. ਡਿਊਟੀ ਨਾ ਕਰਨ ਅਤੇ ਐੱਸ. ਐੱਮ. ਓ. ਦੀ ਅਕਸਰ ਖਾਲੀ ਰਹਿੰਦੀ ਕੁਰਸੀ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਪੂਰਨ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਵਾਰ-ਵਾਰ ਫੋਨ ਕਰਨ 'ਤੇ ਉਨ੍ਹਾਂ ਫੋਨ ਨਹੀਂ ਚੁੱਕਿਆ। ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ : ਇਸ ਮੌਕੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਕਿਹਾ ਕਿ ਸੀ. ਐੱਮ. ਓ. ਦੇ ਫੋਨ ਨਾ ਚੁੱਕਣ ਬਾਰੇ ਅਸੀਂ ਲਿਖਤੀ ਰੂਪ 'ਚ ਲਿਖ ਚੁੱਕੇ ਹਾਂ। ਤੁਸੀਂ ਏ. ਡੀ. ਸੀ. ਹਿਮਾਂਸ਼ੂ ਗੁਪਤਾ ਨੂੰ ਹਸਪਤਾਲ 'ਚ ਆ ਰਹੀਆਂ ਸਮੱਸਿਆਵਾਂ ਬਾਰੇ ਨੋਟਿਸ ਕਰਵਾ ਦਿਓ ਤਾਂ ਉਨ੍ਹਾਂ ਕਿਹਾ ਕਿ ਮੈਂ ਨੋਟ ਕਰ ਲਿਆ ਹੈ। ਇਸ ਦੀ ਜਾਂਚ ਕਰਵਾ ਕੇ ਸਮੱਸਿਆ ਦਾ ਹੱਲ ਜਲਦੀ  ਹੀ ਕੀਤਾ ਜਾਵੇਗਾ।