ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਨੇ ਸਭ ਦਾ ਮਨ ਮੋਹਿਆ

09/26/2017 7:10:25 PM

ਜਲਾਲਾਬਾਦ/ਗੁਰੂਹਰਸਹਾਏ(ਸੇਤੀਆ/ਸੁਦੇਸ਼)— ਸਮਾਜ 'ਚ ਬੱਚੀਆਂ ਨੂੰ ਬਰਾਬਰ ਦਾ ਦਰਜਾ ਦੇਣ ਦੇ ਮਕਸਦ ਨਾਲ 15 ਅਗਸਤ ਤੋਂ 20 ਜਾਬਾਂਜ ਬਹਾਦਰ ਮਹਿਲਾਵਾਂ ਦੀ ਅਗੁਵਾਈ ਹੇਠ ਚੱਲ ਰਹੀ ਕੈਮਲ ਸਫਾਰੀ ਯਾਤਰਾ ਦਾ ਸੀਮਾਪੱਟੀ 'ਤੇ ਪੈਂਦੇ ਪਿੰਡ ਸਰਕਾਰੀ ਹਾਈ ਸਕੂਲ ਗੁੱਦੜ ਪੰਜ ਗਰਾਈ 'ਚ ਬੀ.ਐੱਸ.ਐੱਫ ਦੀ 2ਵੀਂ ਬਟਾਲੀਅਨ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਦੌਰਾਨ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਡੀ.ਆਈ.ਜੀ.ਅਬੋਹਰ ਮਧੂ ਸੂਦਨ ਸ਼ਰਮਾ ਬੀ.ਐੱਸ.ਐੱਫ. ਅਤੇ ਬਟਾਲੀਅਨ ਕਮਾਂਡੈਂਟ ਐੱਚ.ਪੀ.ਐੱਸ. ਸੋਹੀ, ਤਹਿਸੀਲਦਾਰ ਫਿਰੋਜ਼ਪੁਰ ਨਵਪ੍ਰੀਤ ਕੌਰ, ਐੱਸ.ਡੀ.ਐੱਮ. ਚਰਨਦੀਪ ਸਿੰਘ ਅਤੇ ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ  ਅਤੇ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵੱਲੋਂ ਗਿੱਧਾ, ਭੰਗੜਾ ਪੇਸ਼ ਕਰਕੇ ਸਭ ਦਾ ਦਿੱਲ ਜਿੱਤਿਆ। ਇਹ ਹੀ ਨਹੀਂ ਸਮਾਜ 'ਚ ਫੈਲੀਆਂ ਬੁਰਾਈਆਂ ਦੇ ਖਿਲਾਫ ਪੇਸ਼ ਕੀਤੀਆਂ ਗਈਆਂ ਕੋਰੀਓਗ੍ਰਾਫੀਆਂ ਨੂੰ ਵੀ ਸਭਨਾਂ ਨੇ ਬਾਖੂਬੀ ਪਸੰਦ ਕੀਤਾ।  
ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਆਈਜੀ ਮਧੂ ਸੂਦਨ ਸ਼ਰਮਾ ਨੇ ਦੱਸਿਆ ਕਿ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਾਨੂੰ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਅਧਿਕਾਰੀ ਦੇਣੇ ਚਾਹੀਦੇ ਹਨ।  ਉਨ੍ਹਾਂ ਕਿਹਾ ਲੜਕੀਆਂ ਕਿਸੇ ਪੱਖੋਂ ਵੀ ਲੜਕਿਆਂ ਤੋਂ ਘੱਟ ਨਹੀਂ ਸਗੋਂ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਯਾਤਰਾ 'ਚ ਭਾਰਤੀ ਸੀਮਾ ਸੁਰੱਖਿਆ ਬਲ ਦੀਆਂ 20 ਜਾਬਾਂਜ ਬਹਾਦਰ ਮਹਿਲਾਵਾਂ ਨੇ ਉਠਾਂ 'ਤੇ ਸਵਾਰ ਹੋ ਕੇ ਗੁਜਰਾਤ ਅਤੇ ਰਾਜਸਥਾਨ ਦੇ ਸਰਹੱਦੀ ਖੇਤਰਾਂ ਤੋਂ ਹੁੰਦੇ ਹੋਏ ਰਾਜਸਥਾਨ ਦੇ ਹਿੰਦੁਮਲ ਕੋਟ ਚੌਂਕੀ ਤੋਂ ਪੰਜਾਬ 'ਚ ਪ੍ਰਵੇਸ਼ ਕੀਤਾ ਅਤੇ ਇਸ ਤੋਂ ਬਾਅਦ 2 ਅਕਤੂਬਰ ਨੂੰ ਕੈਮਲ ਸਫਾਰੀ ਯਾਤਰਾ ਬਾਘਾ ਬਾਰਡਰ ਪਹੁੰਚੇ ਕੇ ਸਮਾਪਤ ਹੋਵੇਗੀ। 
ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੀ ਅਗਵਾਈ ਸਹਾਇਕ ਕਮਾਂਡੈਂਟ ਅਤੇ ਭਾਰਤੀ ਹਵਾਈ ਸੈਨਾ ਦੀ ਸਕਵਾਡਰਨ ਲੀਡਰ ਅਨੁਸ਼ਕਾ ਲੋਮਸ ਅਤੇ ਸੀਮਾ ਸੁਰੱਖਿਆ ਬਲ ਦੀ ਮਹਿਲਾ ਅਧਿਕਾਰੀ ਤਨੁਸ਼੍ਰੀ ਪਾਰਿਕ ਕਰ ਰਹੀਆਂ ਹਨ। ਇਸ ਯਾਤਰਾ ਦੀ ਅਗਵਾਈ ਕਰ ਰਹੀਆਂ ਜਾਬਾਂਜ ਮਹਿਲਾਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਯਾਤਰਾ ਕਰਨ ਦਾ ਮੁੱਖ ਮਕਸਦ ਭਾਰਤੀ ਸਮਾਜ ਅੰਦਰ ਲੜਕੀਆਂ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਹਰ ਖੇਤਰ 'ਚ ਅੱਗੇ ਵੱਧਣ ਲਈ ਪ੍ਰੇਰਿਤ ਕਰਨਾ ਹੈ। ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਕੈਮਲ ਸਫਾਰੀ ਯਾਤਰਾ ਦੀਆਂ ਜਾਬਾਂਜ਼ ਮਹਿਲਾਵਾਂ ਅਤੇ ਸਮਾਗਮ 'ਚ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਸਨਮਾਨਤ ਵੀ ਕੀਤਾ ਗਿਆ ਅਤੇ ਨਾਲ ਹੀ ਸਕੂਲ ਦੀਆਂ ਬੱਚੀਆਂ ਨੂੰ ਬੀ.ਐੱਸ.ਐੱਫ. ਵੱਲੋਂ ਵਾਟਰ ਬੋਤਲ ਅਤੇ ਐੱਨ.ਜੀ.ਓ. ਬੋਬੀ ਅਰੋੜਾ ਦੀ ਅਗੁਵਾਈ ਹੇਠ ਦੋ ਅਪਾਹਜ ਔਰਤਾਂ ਨੂੰ ਟ੍ਰਾਈ ਸਾਈਕਲ ਵੀ ਦਿੱਤੇ ਗਏ।