ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਮਦੋਟ ਦਾ 12ਵੀਂ ਜਮਾਤ ਦਾ ਨਤੀਜਾ  ਸ਼ਾਨਦਾਰ ਰਿਹਾ

07/23/2020 1:06:07 PM

ਮਮਦੋਟ(ਸ਼ਰਮਾਂ) — ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਕੱਲ੍ਹ ਬਾਰਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ।ਇਸ ਵਾਰ ਪੂਰੇ ਸੂਬੇ ਵਿਚ ਜਿੱਥੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਨਤੀਜੇ ਬਹੁਤ ਵਧੀਆ ਦੇਖਣ ਨੂੰ ਮਿਲ ਰਹੇ ਹਨ ਉਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਮਦੋਟ ਦਾ 12ਵੀਂ ਜਮਾਤ ਦਾ ਨਤੀਜਾ ਵੀ ਸ਼ਾਨਦਾਰ ਰਹਿਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰੋਬੀਨਾ ਚੋਪੜਾ ਨੇ ਦੱਸਿਆ ਕਿ  ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਕੁਲਵਿੰਦਰ ਕੋਰ ਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਕੋਮਲ ਅਰੋੜਾ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਮਦੋਟ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਨਤੀਜੇ ਵਿਚ ਰੇਖਾ ਰਾਣੀ ਪੁੱਤਰੀ ਗੁਰਮੀਤ ਸਿੰਘ ਨੇ (96.22 ਪ੍ਰਤੀਸ਼ਤ ) ਨਾਲ ਪਹਿਲਾ ਸਥਾਨ, ਦੂਸਰਾ ਸਥਾਨ ਸੰਦੀਪ ਕੋਰ ਪੁੱਤਰੀ ਚਾਨਣ ਸਿੰਘ (95.33 ਪ੍ਰਤੀਸਤ) ਤੇ ਤੀਸਰਾ ਸਥਾਨ ਸੀਮਾ ਰਾਣੀ ਪੁੱਤਰੀ ਸੁਲਿੰਦਰ ਕੁਮਾਰ  (94.44) ਨੇ ਹਾਸਲ ਕੀਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਕੂਲ ਦੇ 9 ਵਿਦਿਆਰਥੀਆਂ/ਵਿਦਿਆਰਥਣਾਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ 25  ਵਿਦਿਆਰਥੀ/ਵਿਦਿਆਰਥਣਾਂ ਨੇ 85 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਅਤੇ ਮਮਦੋਟ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ । ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰੋਬੀਨਾ ਚੌਪੜਾ ਨੇ ਬੱਚਿਆ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੂਸਰੇ ਬੱਚਿਆਂ ਨੂੰ ਵੀ  ਇਨ੍ਹਾਂ ਬੱਚਿਆਂ ਤੋਂ ਪ੍ਰੇਰਨਾ ਲੈ ਕੇ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ।

Harinder Kaur

This news is Content Editor Harinder Kaur