ਸਰਕਾਰੀ ਡਾਕਟਰਾਂ ਨੂੰ ਨਹੀਂ ਜਾਣਾ ਪਵੇਗਾ ਗਵਾਹੀਆਂ ਲਈ ਕੋਰਟ-ਕਚਹਿਰੀ

05/28/2017 10:45:53 AM

ਅੰਮ੍ਰਿਤਸਰ, (ਦਲਜੀਤ) - ਸਿਹਤ ਵਿਭਾਗ ਦੇ ਡਾਕਟਰਾਂ ਨੂੰ ਹੁਣ ਕੋਰਟ-ਕਚਹਿਰੀ 'ਚ ਗਵਾਹੀਆਂ ਲਈ ਨਹੀਂ ਜਾਣਾ ਪਵੇਗਾ। ਵਿਭਾਗ ਵੱਲੋਂ ਜ਼ਿਲਾ ਪੱਧਰੀ ਹਸਪਤਾਲਾਂ 'ਚ ਵਿਸ਼ੇਸ਼ ਵੀਡੀਓ ਕਾਨਫਰੰਸਿੰਗ ਰੂਮ ਬਣਾ ਕੇ ਉਸ ਦੇ ਜ਼ਰੀਏ ਡਾਕਟਰਾਂ ਦੀਆਂ ਗਵਾਹੀਆਂ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਿਵਲ ਹਸਪਤਾਲ 'ਚ ਵੀ ਅੱਜ ਵੀਡੀਓ ਕਾਨਫਰਸਿੰਗ ਰਾਹੀਂ ਡਾਕਟਰਾਂ ਦੀਆਂ ਵੱਖ-ਵੱਖ ਅਦਾਲਤਾਂ 'ਚ ਗਵਾਹੀਆਂ ਹੋਈਆਂ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਵੱਖ-ਵੱਖ ਅਦਾਲਤਾਂ 'ਚ ਗਵਾਹੀਆਂ ਲਈ ਜਾਣਾ ਪੈਂਦਾ ਸੀ, ਇਸ ਦੌਰਾਨ ਜਿਥੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਉਥੇ ਹੀ ਡਾਕਟਰ ਵਰਗ ਨੂੰ ਗਵਾਹੀ ਲਈ ਕਾਫ਼ੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ। ਬਾਹਰੀ ਜ਼ਿਲੇ 'ਚ ਗਵਾਹੀ ਹੋਣ ਕਾਰਨ ਡਾਕਟਰ ਮਰੀਜ਼ਾਂ ਨੂੰ ਉਸ ਦਿਨ ਨਹੀਂ ਵੇਖ ਪਾਉਂਦਾ ਸੀ। ਸਿਹਤ ਵਿਭਾਗ ਵੱਲੋਂ ਡਾਕਟਰਾਂ ਦੀ ਪ੍ਰੇਸ਼ਾਨੀ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ 22 ਜ਼ਿਲਿਆਂ ਦੇ ਸਿਵਲ ਹਸਪਤਾਲਾਂ 'ਚ ਵਿਸ਼ੇਸ਼ ਵੀਡੀਓ ਕਾਨਫਰੰਸਿੰਗ ਰੂਮ ਬਣਾ ਕੇ ਗਵਾਹੀਆਂ ਦੇਣ ਦੀ ਯੋਜਨਾ ਅਮਲ 'ਚ ਲਿਆਂਦੀ ਗਈ। ਸੰਬੰਧਿਤ ਜ਼ਿਲੇ 'ਚ ਸਥਿਤ ਸਿਵਲ ਹਸਪਤਾਲ ਦੇ ਵੀਡੀਓ ਕਾਨਫਰੰਸਿੰਗ ਰੂਮ ਦੇ ਜ਼ਰੀਏ ਵਿਭਾਗ ਦਾ ਡਾਕਟਰ ਕਿਸੇ ਵੀ ਅਦਾਲਤ 'ਚ ਆਪਣੀ ਗਵਾਹੀ ਦੇ ਸਕਦਾ ਹੈ। ਯੋਜਨਾ ਅੱਜ ਤੋਂ ਪੰਜਾਬ ਦੇ ਕਈ ਜ਼ਿਲਿਆਂ 'ਚ ਸ਼ੁਰੂ ਹੋ ਗਈ ਹੈ। ਜ਼ਿਲਾ ਪੱਧਰ ਸਿਵਲ ਹਸਪਤਾਲ ਅੰਮ੍ਰਿਤਸਰ 'ਚ ਅੱਜ ਡਾਕਟਰਾਂ ਦੀਆਂ ਵੱਖ-ਵੱਖ ਅਦਾਲਤਾਂ 'ਚ ਗਵਾਹੀਆਂ ਹੋਈਆਂ ਤੇ ਡਾਕਟਰ ਕੁਝ ਹੀ ਮਿੰਟਾਂ 'ਚ ਫ੍ਰੀ ਵੀ ਹੋ ਗਏ।
ਵੀਡੀਓ ਕਾਨਫਰੰਸਿੰਗ ਰੂਮ 'ਚ ਲੱਗੀ ਹੈ ਵਿਸ਼ੇਸ਼ ਸਮੱਗਰੀ
ਸਿਵਲ ਹਸਪਤਾਲ 'ਚ ਬਣਾਏ ਗਏ ਵੀਡੀਓ ਕਾਨਫਰੰਸਿੰਗ ਰੂਮ 'ਚ ਐੱਲ. ਈ. ਡੀ. ਸਕਰੀਨ, ਵਿਸ਼ੇਸ਼ ਕੈਮਰੇ, ਮਾਈਕ, ਲਾਈਟ, ਇੰਟਰਨੈੱਟ ਆਦਿ ਸਮੱਗਰੀ ਲਾਈ ਗਈ ਹੈ। ਰੂਮ 'ਚ ਮਾਣਯੋਗ ਜੱਜ ਡਾਕਟਰ ਦੀ ਸ਼ਾਂਤ ਮਾਹੌਲ 'ਚ ਗਵਾਹੀ ਲੈਂਦੇ ਹਨ। ਡਾਕਟਰਾਂ ਨੇ ਵਿਭਾਗ ਵੱਲੋਂ ਵੀਡੀਓ ਕਾਨਫਰੰਸਿੰਗ ਯੋਜਨਾ ਸ਼ੁਰੂ ਕਰਵਾਉਣ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਕਈ ਗਵਾਹੀਆਂ ਵਿਚ ਉਨ੍ਹਾਂ ਨੂੰ 2-2 ਦਿਨ ਦਾ ਸਮਾਂ ਲੱਗ ਜਾਂਦਾ ਸੀ।
ਯੋਜਨਾ ਤਹਿਤ ਸਰਕਾਰ ਨੂੰ ਵੀ ਹੋਵੇਗਾ ਲਾਭ 
ਵੀਡੀਓ ਕਾਨਫਰੰਸਿੰਗ ਨਾਲ ਸਰਕਾਰ ਨੂੰ ਵੀ ਕਾਫ਼ੀ ਲਾਭ ਹੋਵੇਗਾ। ਸਰਕਾਰ ਵੱਲੋਂ ਵੱਖ-ਵੱਖ ਅਦਾਲਤਾਂ 'ਚ ਗਵਾਹੀ ਦੇਣ ਜਾਣ ਵਾਲੇ ਡਾਕਟਰਾਂ ਨੂੰ ਟੀ. ਏ. ਤੇ ਡੀ. ਏ. ਦਿੱਤਾ ਜਾਂਦਾ ਸੀ ਪਰ ਹੁਣ ਸੰਬੰਧਿਤ ਜ਼ਿਲੇ 'ਚ ਹੀ ਯੋਜਨਾ ਤਹਿਤ ਗਵਾਹੀ ਹੋਣ ਨਾਲ ਸਰਕਾਰ ਨੂੰ ਡਾਕਟਰਾਂ ਨੂੰ ਉਪਰੋਕਤ ਲਾਭ ਨਹੀਂ ਦੇਣਾ ਪਵੇਗਾ। ਯੋਜਨਾ ਤਹਿਤ ਸਰਕਾਰ ਨੂੰ ਹਰ ਸਾਲ ਲੱਖਾਂ ਰੁਪਏ ਦੀ ਬੱਚਤ ਹੋਵੇਗੀ।
ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਯੋਜਨਾ ਸ਼ਲਾਘਾਯੋਗ ਹੈ, ਡਾਕਟਰ ਵਰਗ ਨੂੰ ਇਸ ਦਾ ਕਾਫ਼ੀ ਲਾਭ ਹੋਵੇਗਾ, ਸਮੇਂ ਦੀ ਬੱਚਤ ਹੋਵੇਗੀ ਅਤੇ ਮਰੀਜ਼ਾਂ ਦੀਆਂ ਪ੍ਰੇਸ਼ਾਨੀਆਂ ਖਤਮ ਹੋਣਗੀਆਂ। ਸਿਵਲ ਹਸਪਤਾਲ 'ਚ ਵੀਡੀਓ ਕਾਨਫਰੰਸਿੰਗ ਦਾ ਵਿਸ਼ੇਸ਼ ਰੂਮ ਬਿਲਕੁਲ ਤਿਆਰ ਹੈ।  ਸਿਹਤ ਵਿਭਾਗ ਦੇ ਜ਼ਿਲੇ ਭਰ ਤੋਂ ਡਾਕਟਰ ਆ ਕੇ ਇਸ ਰੂਮ 'ਚ ਗਵਾਹੀਆਂ ਦੇ ਰਹੇ ਹਨ।
-ਡਾ. ਚਰਨਜੀਤ, ਇੰਚਾਰਜ ਸਿਵਲ ਹਸਪਤਾਲ