ਸਰਕਾਰ ਰੋਜ਼ਗਾਰ ਦੇਣ ਦੇ ਦਾਅਵਿਆਂ ਤੋਂ ਮੁੱਕਰੀ : ਅਧਿਆਪਕ ਯੂਨੀਅਨ

03/08/2020 11:31:39 PM

ਚੰਡੀਗਡ਼੍ਹ, (ਰਮਨਜੀਤ)- 6060 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗਡ਼੍ਹ ਅਤੇ ਮੀਤ ਪ੍ਰਧਾਨ ਵਿਕਾਸ ਗਰਗ ਰਾਮਪੁਰਾ ਨੇ ਰੋਜ਼ਗਾਰ ਦਾ ਹੱਕ ਮੰਗਣ ਵਾਲੇ ਬੇਰੋਜ਼ਗਾਰ ਅਧਿਆਪਕਾਂ ’ਤੇ ਮੁੱਖ ਮੰਤਰੀ ਦੇ ਸ਼ਹਿਰ ’ਚ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਹਰ ਘਰ ਰੋਜ਼ਗਾਰ ਦੇਣ ਦੇ ਵਾਅਦੇ ਨਾਲ ਰਾਜ ਸੱਤਾ ਸੰਭਾਲਣ ਵਾਲੀ ਕਾਂਗਰਸ ਸਰਕਾਰ ਰੋਜ਼ਗਾਰ ਦੇਣ ਦੀ ਥਾਂ, ਲਾਠੀ-ਗੋਲੀ ਦੀ ਤਾਨਾਸ਼ਾਹੀ ’ਤੇ ਉਤਰ ਆਈ ਹੈ, ਜਿਸ ਨੂੰ ਪੰਜਾਬ ਦੇ ਅਧਿਆਪਕ ਸਵੀਕਾਰ ਨਹੀਂ ਕਰਨਗੇ। ਸੂਬਾਈ ਆਗੂਆਂ ਅਜੇ ਕੁਮਾਰ ਹੁਸ਼ਿਆਰਪੁਰ, ਨਵੀਨ ਬੋਹਾ ਅਤੇ ਕਰਮਜੀਤ ਕੌਹਰੀਆਂ ਨੇ ਆਖਿਆ ਕਿ ਹਜ਼ਾਰਾਂ ਈ. ਟੀ. ਟੀ. (ਟੈੱਟ ਪਾਸ) ਬੇਰੋਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ ਪਰ ਪੰਜਾਬ ਸਰਕਾਰ ਨੇ ਸਿਰਫ਼ 1664 ਪੋਸਟਾਂ ਕੱਢ ਕੇ ਉਨ੍ਹਾਂ ਦੇ ਜ਼ਖਮਾਂ ’ਤੇ ਲੂਣ ਛਿਡ਼ਕ ਦਿੱਤਾ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਸਮਾਰਟ ਸਕੂਲ ਬਣਾਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਬੇਰੋਜ਼ਗਾਰ ਅਧਿਆਪਕਾਂ ’ਤੇ ਤਸ਼ੱਦਦ ਕਰ ਕੇ ਰੋਜ਼ਗਾਰ ਨਾ ਦੇਣ ਦੀ ਲੋਕ ਵਿਰੋਧੀ ਨੀਤੀ ’ਤੇ ਅਮਲ ਕਰ ਰਹੀ ਹੈ। ਉਨ੍ਹਾਂ ਆਖਿਆ ਕਿ 6060 ਅਧਿਆਪਕ ਯੂਨੀਅਨ ਪੰਜਾਬ ਬੇਰੋਜ਼ਗਾਰ ਅਧਿਆਪਕਾਂ ਦੇ ਹੱਕੀ ਘੋਲ ਦੀ ਡਟਵੀਂ ਹਮਾਇਤ ਕਰਦੀ ਹੈ ਅਤੇ ਉਨ੍ਹਾਂ ਦੇ ਰੋਜ਼ਗਾਰ ਦੀ ਹੱਕੀ ਮੰਗ ਦੀ ਪੂਰਤੀ ਲਈ ਸੰਘਰਸ਼ ’ਚ ਡਟਵਾਂ ਸਾਥ ਦੇਵੇਗੀ। ਜਥੇਬੰਦੀ ਦੇ ਆਗੂਆਂ ਨੇ ਬੇਰੋਜ਼ਗਾਰ ਈ. ਟੀ. ਟੀ. ਅਧਿਆਪਕਾਂ ਲਈ ਪੂਰੀਆਂ ਪੋਸਟਾਂ ਕੱਢਣ ਦੀ ਮੰਗ ਕਰਦਿਆਂ ਬੇਰੋਜ਼ਗਾਰਾਂ ਨੂੰ ਸੰਘਰਸ਼ਾਂ ਦੇ ਪਿਡ਼ ਮੱਲਣ ਦਾ ਸੱਦਾ ਦਿੱਤਾ ਹੈ।

Bharat Thapa

This news is Content Editor Bharat Thapa