ਸਰਕਾਰ ਦੀ ਅਣਡਿੱਠਤਾ ਦਾ ਸ਼ਿਕਾਰ ਹੋ ਰਿਹੈ ਸਰਕਾਰੀ ਮਾਡਲ ਸਕੂਲ ਭਾਗਸਰ

11/22/2017 1:14:05 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ,   (ਸੁਖਪਾਲ, ਪਵਨ)-  ਕੇਂਦਰ ਸਰਕਾਰ ਨੇ 7 ਸਾਲ ਪਹਿਲਾਂ 2010 ਵਿਚ ਇਕ ਵਿਸ਼ੇਸ਼ ਸਕੀਮ ਅਧੀਨ ਪੰਜਾਬ ਦੇ 22 ਜ਼ਿਲਿਆਂ 'ਚ ਵਿਦਿਅਕ ਪੱਖੋਂ ਪੱਛੜੇ ਖੇਤਰਾਂ ਵਿਚ 27 ਸਰਕਾਰੀ ਮਾਡਲ ਅਤੇ ਆਦਰਸ਼ ਸਕੂਲ ਖੁੱਲ੍ਹਵਾਏ ਸਨ ਤਾਂ ਕਿ ਪੇਂਡੂ ਖੇਤਰਾਂ ਦੇ ਅਣਗੌਲੇ ਹੋ ਚੁੱਕੇ ਬੱਚੇ ਵੀ ਅੰਗਰੇਜ਼ੀ ਮਾਧਿਅਮ ਦੀ ਪੜ੍ਹਾਈ ਕਰ ਸਕਣ ਤੇ ਜ਼ਿੰਦਗੀ ਵਿਚ ਕੁਝ ਬਣ ਸਕਣ। 
ਜ਼ਿਕਰਯੋਗ ਹੈ ਕਿ ਇਨ੍ਹਾਂ 27 ਸਕੂਲਾਂ ਵਿਚ 11 ਹਜ਼ਾਰ ਬੱਚੇ ਸੀ. ਬੀ. ਐੱਸ. ਈ. ਦੀ ਪੜ੍ਹਾਈ ਕਰ ਰਹੇ ਹਨ ਪਰ ਗਰੀਬ ਲੋਕ ਜੋ ਪੇਂਡੂ ਖੇਤਰ ਨਾਲ ਸਬੰਧਤ ਹਨ, ਦੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਿਚ ਪੜ੍ਹਾਈ ਕਰਵਾਉਣ ਦਾ ਸੁਪਨਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਤੇ ਇਨ੍ਹਾਂ ਬੱਚਿਆਂ ਦਾ ਭਵਿੱਖ ਦਾਅ 'ਤੇ ਹੈ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਸਕੂਲਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ। ਇਸ ਦੀ ਮਿਸਾਲ ਖੇਤਰ ਦੇ ਵੱਡੇ ਪਿੰਡ ਭਾਗਸਰ ਵਿਖੇ ਚਲਾਏ ਜਾ ਰਹੇ ਸਰਕਾਰੀ ਮਾਡਲ ਸਕੂਲ ਤੋਂ ਮਿਲਦੀ ਹੈ। ਸਾਲ 2010 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਕੂਲ ਦਾ ਨੀਂਹ ਪੱਥਰ ਰੱਖਿਆ ਸੀ, ਜਦਕਿ ਸਾਲ 2011 ਵਿਚ ਸੁਖਬੀਰ ਸਿੰਘ ਬਾਦਲ ਨੇ ਇਸ ਸਕੂਲ ਦਾ ਉਦਘਾਟਨ ਕੀਤਾ ਸੀ। ਕੇਂਦਰ ਸਰਕਾਰ ਦੀ ਸਹਾਇਤਾ ਪ੍ਰਾਪਤ ਇਸ ਸਕੂਲ ਵਿਚ ਅਧਿਆਪਕਾਂ ਦੀਆਂ 50 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ, ਜਦਕਿ 300 ਦੇ ਕਰੀਬ ਵਿਦਿਆਰਥੀ ਵੱਖ-ਵੱਖ ਪਿੰਡਾਂ ਦੇ ਇਥੇ ਵਿਦਿਆ ਪ੍ਰਾਪਤ ਕਰ ਰਹੇ ਹਨ ਪਰ ਸਰਕਾਰ ਤੇ ਵਿਭਾਗ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। 
25 ਅਸਾਮੀਆਂ 'ਚੋਂ 13 ਖਾਲੀ
ਜਦ ਅੱਜ ਉਕਤ ਸਕੂਲ ਵਿਚ ਜਾ ਕੇ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਇਥੇ ਅਧਿਆਪਕਾਂ ਦੀਆਂ ਕੁਲ 25 ਅਸਾਮੀਆਂ ਮਨਜ਼ੂਰ ਹਨ ਪਰ ਪ੍ਰਿੰਸੀਪਲ ਸਮੇਤ 13 ਅਧਿਆਪਕਾਂ ਦੀਆਂ ਅਸਾਮੀਆਂ ਇਥੇ ਖਾਲੀ ਪਈਆਂ ਹਨ, ਜਿਸ ਕਰਕੇ ਬੱਚਿਆਂ ਦੀ ਪੜ੍ਹਾਈ 'ਤੇ ਮਾੜਾ ਅਸਰ ਪੈ ਰਿਹਾ ਹੈ ਤੇ ਨਤੀਜੇ ਵੀ ਸਹੀ ਨਹੀਂ ਆਉਂਦੇ। ਜਿਥੇ ਪ੍ਰਿੰਸੀਪਲ ਨਹੀਂ, ਉਥੇ ਕਲਰਕ ਵੀ ਨਹੀਂ ਹੈ। ਸਾਰਾ ਕੰਮ ਅਧਿਆਪਕਾਂ ਨੂੰ ਹੀ ਕਰਨਾ ਪੈਂਦਾ ਹੈ। 
ਸਾਰਾ ਕੁਝ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬਲਬੂਤੇ ਹੀ ਕਰਨਾ ਪੈਂਦਾ
ਸਰਕਾਰ ਦਾ ਟੀਚਾ ਸੀ ਮਾਡਲ ਸਕੂਲਾਂ ਵਿਚ ਬੱਚਿਆਂ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ, ਮੁਫ਼ਤ ਕਿਤਾਬਾਂ ਤੇ ਵਰਦੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਲੜਕੀਆਂ ਦੇ ਰਹਿਣ ਲਈ ਮੁਫ਼ਤ ਹੋਸਟਲ ਦਾ ਪ੍ਰਬੰਧ ਹੋਵੇਗਾ। ਬੱਚਿਆਂ ਦੇ ਆਉਣ- ਜਾਣ ਲਈ ਮੁਫ਼ਤ ਬੱਸਾਂ ਮੁਹੱਈਆ ਕਰਵਾਈਆਂ ਜਾਣਗੀਆਂ ਪਰ ਸਰਕਾਰ ਨੇ ਬੱਚਿਆਂ ਦੀਆਂ ਫ਼ੀਸਾਂ ਨੂੰ ਛੱਡ ਕੇ ਇਕ ਵੀ ਵਾਅਦਾ ਪੂਰ ਨਹੀਂ ਕੀਤਾ, ਨਾ ਤਾਂ ਇਨ੍ਹਾਂ ਸਕੂਲਾਂ ਵਿਚ ਬੱਚਿਆਂ ਨੂੰ ਮੁਫਤ ਕਿਤਾਬਾਂ ਮਿਲਦੀਆਂ ਹਨ ਤੇ ਨਾ ਹੀ ਮੁਫ਼ਤ ਵਰਦੀਆਂ। ਵਿਦਿਆਰਥਣਾਂ ਦੇ ਰਹਿਣ ਲਈ ਕਿਤੇ ਹੋਸਟਲ ਨਹੀਂ ਬਣਾਇਆ ਗਿਆ ਤੇ ਨਾ ਹੀ ਉਨ੍ਹਾਂ ਦੇ ਆਉਣ-ਜਾਣ ਲਈ ਬੱਸਾਂ ਦੀ ਸਹੂਲਤ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ। ਸਰਕਾਰ ਵੱਲੋਂ ਤਾਂ ਸਿਰਫ਼ ਇਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਹੀ ਖੜ੍ਹੀਆਂ ਕੀਤੀਆਂ ਗਈਆਂ ਹਨ। ਬਾਕੀ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ। ਬਸ ਸਾਰਾ ਕੁਝ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬਲਬੂਤੇ ਹੀ 
ਕਰਨਾ ਪੈਂਦਾ । 
ਮਾਪਿਆਂ ਦਾ ਪੱਖ
ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਵੀ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚੋਂ ਹਟਾ ਕੇ ਉਨ੍ਹਾਂ ਸਰਕਾਰੀ ਮਾਡਲ ਸਕੂਲਾਂ ਵਿਚ ਦਾਖਲਾ ਦਿਵਾਇਆ ਸੀ ਪਰ ਇਥੇ ਕੋਈ ਵੀ ਸਹੂਲਤ ਨਹੀਂ ਮਿਲਦੀ।