ਕੂੜਾ ਡੰਪ ਨੂੰ ਤਬਦੀਲ ਕਰਨ ਲਈ ਦੁਕਾਨਦਾਰਾਂ ਨੇ ਪ੍ਰਸਾਸ਼ਨ ਤੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

08/18/2017 5:06:45 PM

ਬੁਢਲਾਡਾ, (ਮਨਜੀਤ) - ਇੱਥੋਂ ਦੇ ਸਰਕਾਰੀ ਸੀਨੀਅਰੀ ਸੈਕੰਡਰੀ ਸਕੂਲ ਲੜਕੀਆਂ ਵਾਲੇ ਛੋਟੇ ਗੇਟ ਨੇੜੇ ਤਿਕੋਣੇ ਚੌਂਕ ਵਿਖੇ ਲੰਮੇ ਸਮੇਂ ਤੋਂ ਕੂੜੇ ਦੇ ਡੰਪ ਨੂੰ ਚੁਕਾਉਣ ਲਈ ਨੇੜੇ ਦੇ ਦੁਕਾਨਦਾਰਾਂ ਨੇ ਆਪਣਾ ਕਾਰੋਬਾਰ ਸਵੇਰ ਤੋਂ ਦੁਪਹਿਰ ਤੱਕ ਬੰਦ ਕਰਕੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ। ਇੱਥੋਂ ਡੰਪ ਨੂੰ ਬਦਲ ਕੇ ਕਿਸੇ ਹੋਰ ਥਾਂ ਤਬਦੀਲ ਕਰਨ ਲਈ ਮੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਸੱਤਪਾਲ ਸਿੰਘ ਸਿੱਧੂ, ਸੀ. ਪੀ. ਆਈ. ਲਿਬਰੇਸ਼ਨ ਦੇ ਆਗੂ ਸੁਖਵਿੰਦਰ ਸਿੰਘ, ਦੁਕਾਨਦਾਰ ਪ੍ਰਧਾਨ ਦੇਵਰਾਜ, ਆਪ ਆਗੂ ਵਿਸ਼ਾਲ ਸੂਦ, ਅਕਾਲੀ ਆਗੂ ਕਰਮਜੀਤ ਸਿੰਘ ਮਾਘੀ, ਨਰਿੰਦਰ ਸਿੰਘ ਢੀਂਗਰਾ, ਜਤਿੰਦਰ ਸਿੰਘ ਰਿੰਕੂ, ਸੰਦੀਪ ਗੋਇਲ, ਭੂਸ਼ਣ ਮਿੱਤਲ, ਨਰੇਸ਼ ਛਾਬੜਾ, ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਅਵਤਾਰ ਸਿੰਘ ਤੋਂ ਇਲਾਵਾ ਅਨੇਕਾਂ ਆਗੂਆਂ ਨੇ ਕਿਹਾ ਕਿ ਜਿੱਥੇ ਕੂੜੇ ਦਾ ਡੰਪ ਹੈ, ਸ਼ਹਿਰ ਦਾ ਇਹ ਮੁੱਖ ਰਸਤਾ ਹੈ। ਇਸ ਕੂੜੇ ਦੇ ਡੰਪ ਨੂੰ ਕਈ ਸਾਲਾਂ ਤੋਂ ਇੱਥੋਂ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸੁਣਵਾਈ ਨਹੀਂ ਕਰ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਡੰਪ ਨੂੰ ਤਬਦੀਲ ਕਰਨ ਲਈ ਐੱਸ. ਡੀ. ਐੱਮ. ਬੁਢਲਾਡਾ ਨੂੰ ਵੀ ਲਿਖਤੀ ਤੌਰ ਤੇ ਦੇ ਚੁੱਕੇ ਹਾਂ ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਦੁਪਹਿਰ ਬਾਅਦ ਇਸ ਧਰਨੇ 'ਚ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਨੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਇਹ ਕੋਈ ਨਗਰ ਕੌਂਸਲ ਦੀ ਲਾਪਰਵਾਹੀ ਨਹੀਂ, ਬਲਕਿ ਇਕ ਮੇਜਰ ਸਮੱਸਿਆ ਹੈ।ਇਸ ਨੂੰ ਤਬਦੀਲ ਕਰਨ ਲਈ ਜਗ੍ਹਾ ਅਤੇ ਸ਼ਹਿਰ ਵਾਸੀਆਂ ਨਾਲ ਮੀਟਿੰਗ ਕਰਨ ਦੀ ਦੀ ਲੋੜ ਹੈ ਅਤੇ ਸ਼ਹਿਰ ਵਾਸੀਆਂ ਨਾਲ ਵਿਚਾਰ ਸਾਂਝੇ ਕਰਨ ਤੋਂ ਬਾਅਦ ਹੀ ਡੰਪ ਨੂੰ ਤਬਦੀਲ ਕਰਨ ਬਾਰੇ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕ ਉੱਪਰ ਕੂੜਾ ਸੁੱਟਣ ਦੀ ਬਜਾਏ ਕੂੜਾ ਦਾਨ 'ਚ ਹੀ ਕੂੜਾ ਸੁੱਟਣ ਤਾਂ ਕਿ ਅਜਿਹੀਆਂ ਸਮੱਸਿਆਵਾਂ ਖੜੀਆਂ ਨਾ ਹੋਣ।