ਕੇਂਦਰ ਸਰਕਾਰ ਦਾ ਹੰਕਾਰ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਲਈ ਚੁਣੌਤੀ ਬਣਿਆ : ਜਾਖੜ

01/15/2021 9:16:53 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਅੱਜ ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਕਾਂਗਰਸ ਭਵਨ ਤੋਂ ਰਾਜਭਵਨ ਵੱਲ ਰੋਸ ਮਾਰਚ ਆਰੰਭਿਆ ਗਿਆ ਪਰ ਪੁਲਸ ਵਲੋਂ ਬੈਰੀਕੇਡਿੰਗ ਲਾਏ ਜਾਣ ’ਤੇ ਰਸਤੇ ਵਿਚ ਹੀ ਸ਼ਾਂਤਮਈ ਤਰੀਕੇ ਨਾਲ ਕੇਂਦਰ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ ਤਾਂ ਜੋ ਮੋਦੀ ਸਰਕਾਰ ਤੱਕ ਲੋਕਾਂ ਦੀ ਆਵਾਜ਼ ਪੁੱਜਦੀ ਕੀਤੀ ਜਾ ਸਕੇ। ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਹੰਕਾਰ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਲਈ ਚੁਣੌਤੀ ਬਣਿਆ ਹੋਇਆ ਹੈ ਅਤੇ ਕੇਂਦਰ ਸਰਕਾਰ ਆਪਣੇ ਹੀ ਲੋਕਾਂ ਨੂੰ ਗੁਲਾਮ ਬਣਾਉਣ ਦੀ ਨੀਤੀ ’ਤੇ ਚੱਲ ਰਹੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਕਿਸਾਨਾਂ ਦੀਆਂ ਜੋ ਸ਼ਹਾਦਤਾਂ ਹੋ ਰਹੀਆਂ ਹਨ, ਉਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੋਦੀ ਸਰਕਾਰ ਨੇ ਆਪਣੀਆਂ ਗਲਤ ਨੀਤੀਆਂ ਕਾਰਨ ਗਲਵਾਨ ਘਾਟੀ ਵਿਚ ਨਿਹੱਥੇ ਜਵਾਨ ਮਰਵਾਏ ਸਨ ਅਤੇ ਹੁਣ ਇਹ ਆਪਣੇ ਹੀ ਕਿਸਾਨਾਂ ਨੂੰ ਮਰਨ ਲਈ ਮਜ਼ਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੱਜ ਇਕ ਧਰਮਯੁੱਧ ਲੜ ਰਹੇ ਹਨ, ਜਿਸ ’ਚ ਨਾ ਸਿਰਫ਼ ਪੰਜਾਬ ਸਗੋਂ ਦੇਸ਼ ਦੇ ਸਾਰੇ ਸੂਬਿਆਂ ਦੇ ਕਿਸਾਨ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ : ਭੁਪਿੰਦਰ ਮਾਨ ਨੂੰ ਖੇਤੀ ਕਾਨੂੰਨਾਂ ਖਿਲਾਫ਼ ਸਟੈਂਡ ਲੈਣਾ ਚਾਹੀਦਾ ਸੀ : ਸ਼੍ਰੋਮਣੀ ਅਕਾਲੀ ਦਲ  

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨ ਸਿਰਫ਼ ਪੰਜਾਬ ਲਈ ਹੀ ਨਹੀਂ ਸਗੋੰ ਪੂਰੇ ਮੁਲਕ ਲਈ ਘਾਤਕ ਹਨ ਅਤੇ ਇਸ ਦਾ ਮਾੜਾ ਅਸਰ ਸਿਰਫ ਕਿਸਾਨਾਂ ’ਤੇ ਹੀ ਨਹੀਂ ਸਗੋੰ ਸਮਾਜ ਦੇ ਹਰ ਵਰਗ ’ਤੇ ਇਸਦਾ ਮਾੜਾ ਅਸਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਲੋਕਤਾਂਤਰਿਕ ਤਰੀਕੇ ਨਾਲ ਵਿਰੋਧ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਵਾਪਿਸ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਮਹਾਰਾਣੀ ਪਰਨੀਤ ਕੌਰ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੌਤ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਹਰਮਿੰਦਰ ਸਿੰਘ ਗਿੱਲ, ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਭਾਰਤ ਭੁਸ਼ਣ ਆਸ਼ੂ, ਸੰਸਦ ਮੈਂਬਰ ਮੁਹੰਮਦ ਸਦੀਕ, ਅਮਰ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਸੰਜੇ ਤਲਵਾਰ, ਬਲਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ ਕੰਬੋਜ, ਸੰਗਤ ਸਿੰਘ ਗਿਲਜੀਆ, ਰਾਜਕੁਮਾਰ ਚੱਬੇਵਾਲ, ਰਾਜ ਕੁਮਾਰ ਵੇਰਕਾ, ਸੁਰਿੰਦਰ ਡਾਵਰ, ਇੰਦੂ ਬਾਲਾ, ਸੰਤੋਸ਼ ਚੌਧਰੀ, ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ, ਬਰਿੰਦਰਮੀਤ ਸਿੰਘ ਪਾਹੜਾ, ਅੰਗਦ ਸੈਣੀ, ਕਾਕਾ ਲੋਹਗੜ੍ਹ, ਗੁਰਪ੍ਰੀਤ ਸਿੰਘ ਜੀਪੀ ਹਾਜ਼ਿਰ ਸਨ।

ਇਹ ਵੀ ਪੜ੍ਹੋ : ਕਿਸਾਨੀ ਸੰਕਟ ਦੌਰਾਨ ਹੁਣ ਕੇਂਦਰ ਸਰਕਾਰ ਅਤੇ ਸ਼ੈਲਰ ਮਾਲਕ ਹੋਏ ਆਹਮੋ-ਸਾਹਮਣੇ

 

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

Anuradha

This news is Content Editor Anuradha